ਹਿਮਾਚਲ/ਰੋਪੜ : ਹਿਮਾਚਲ ਪਥ ਪਰਿਵਾਹਨ ਨਿਗਮ (HRTC) ਨੇ ਹਾਲ ਹੀ ਵਿੱਚ ਇਕ ਨਵੀਂ ਬੱਸ ਸੇਵਾ 'ਹਿਮਧਾਰਾ' ਸ਼ੁਰੂ ਕੀਤੀ ਹੈ। ਇਹ ਬੱਸ ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਧਾਮ ਤੋਂ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਧਾਮ ਤੱਕ ਚੱਲਦੀ ਹੈ। ਇਹ ਬੱਸ ਸੇਵਾ ਬੁੱਧਵਾਰ ਨੂੰ ਹੀ ਸ਼ੁਰੂ ਕੀਤੀ ਗਈ ਸੀ ਪਰ ਪਹਿਲੇ ਹੀ ਦਿਨ ਇਸ ਨੂੰ ਇਕ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਜਦੋਂ ਇਹ ਹਿਮਧਾਰਾ ਬੱਸ ਪੰਜਾਬ ਦੇ ਰੋਪੜ ਤੋਂ ਲੰਘ ਰਹੀ ਸੀ ਤਾਂ ਤਿੰਨ ਬਾਈਕ ਸਵਾਰਾਂ ਨੇ ਚੱਲਦੀ ਬੱਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬੱਸ 'ਤੇ ਪੱਥਰ ਸੁੱਟੇ, ਜਿਸ ਨਾਲ ਉਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਖ਼ੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਨਗਰੋਟਾ ਬਾਗਵਾਨ ਦੇ ਆਰ. ਐੱਮ. ਰਾਜੇਂਦਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਦੱਸਿਆ ਗਿਆ ਹੈ ਕਿ ਬੱਸ ਵਿਚ ਪਹਿਲੇ ਦਿਨ ਕੁੱਲ੍ਹ 10 ਸ਼ਰਧਾਲੂ ਬੱਸ ਵਿੱਚ ਕਾਂਗੜਾ ਤੋਂ ਵ੍ਰਿੰਦਾਵਨ ਲਈ ਰਵਾਨਾ ਹੋਏ। ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਆਰ. ਐੱਸ. ਬਾਲੀ ਨੇ ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਧਾਮ ਵਿਖੇ ਪ੍ਰਾਰਥਨਾ ਕਰਨ ਤੋਂ ਬਾਅਦ ਨਗਰੋਟਾ ਬਾਗਵਾਨ ਤੋਂ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਬੱਸ ਚਾਮੁੰਡਾ ਤੋਂ ਦੁਪਹਿਰ 3:20 ਵਜੇ ਚੱਲੀ, ਸ਼ਾਮ 3:50 ਵਜੇ ਨਗਰੋਟਾ ਬੱਸ ਸਟੈਂਡ ਅਤੇ ਸ਼ਾਮ 4:40 ਵਜੇ ਕਾਂਗੜਾ ਬੱਸ ਸਟੈਂਡ ਪਹੁੰਚੀ। ਫਿਰ ਬੱਸ ਚੰਡੀਗੜ੍ਹ ਹੁੰਦੇ ਹੋਏ ਵ੍ਰਿੰਦਾਵਨ ਲਈ ਰਵਾਨਾ ਹੋਈ ਪਰ ਪੰਜਾਬ ਵਿੱਚ ਹਮਲਾ ਹੋ ਗਿਆ।