ਪੰਡੋਹ : ਦੇਵਭੂਮੀ ਹਿਮਾਚਲ ਪ੍ਰਦੇਸ਼ ’ਚ ਘੁੰਮਣ ਆਏ ਕੁਝ ਅਖੌਤੀ ਸੈਲਾਨੀਆਂ ਨੇ ਇਕ ਵਾਰ ਫਿਰ ਹੰਗਾਮਾ ਮਚਾ ਦਿੱਤਾ ਹੈ। ਤਾਜ਼ਾ ਮਾਮਲਾ ਪੰਡੋਹ ਨੇੜੇ ਕੀਰਤਪੁਰ-ਮਨਾਲੀ ਚਾਰ-ਮਾਰਗੀ ਸੜਕ ’ਤੇ ਕੈਂਚੀ ਮੋੜ ਨੇੜੇ ਦਾ ਹੈ, ਜਿਥੇ ਦਿੱਲੀ ਨੰਬਰ ਵਾਲੀ ਚਲਦੀ ਕਾਰ ਵਿਚ ਸਵਾਰ ਕੁਝ ਨੌਜਵਾਨ ਸਨਰੂਫ ਅਤੇ ਖਿੜਕੀਆਂ ’ਚੋਂ ਬਾਹਰ ਨਿਕਲ ਕੇ ਜਾਮ ਛਲਕਾਉਂਦੇ ਨਜ਼ਰ ਆਏ। ਕੁਝ ਰਾਹਗੀਰਾਂ ਨੇ ਇਸ ਦੀ ਵੀਡੀਓ ਬਣਾਈ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਸਨਰੂਫ ’ਚੋਂ ਬਾਹਰ ਨਿਕਲ ਕੇ ਸ਼ਰਾਬ ਪੀ ਰਿਹਾ ਹੈ, ਜਦਕਿ ਉਸ ਦੇ ਹੋਰ ਸਾਥੀ ਖਿੜਕੀ ਨਾਲ ਲਟਕਦੇ ਹੋਏ ਸਿਗਰਟ ਦੇ ਕਸ਼ ਲਾਉਣ ਦੇ ਨਾਲ ਹੀ ਸ਼ਰਾਬ ਪੀ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੈਰ-ਸਪਾਟੇ ਦੇ ਨਾਂ ’ਤੇ ਕੁਝ ਸੈਲਾਨੀ ਦੇਵਭੂਮੀ ਦੇ ਸੱਭਿਆਚਾਰ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੇ ਹਨ। ਉੱਥੇ ਹੀ ਪੰਡੋਹ ਪੁਲਸ ਚੌਕੀ ਦੇ ਇੰਚਾਰਜ ਅਨਿਲ ਕਟੋਚ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਵਾਹਨ ਦੀ ਪਛਾਣ ਕੀਤੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।