ਪੰਜਾਬ ਵਿਚ ਗੋਲ਼ੀਆਂ ਚੱਲਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਹਲਕਾ ਭੁਲੱਥ ਦੇ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਨੰਗਲ ਲੁਬਾਣਾ 'ਚ ਅੱਧੀ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ਨੂੰ ਟਾਰਗੇਟ ਕਰਦੇ ਹੋਏ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਰਾਤ ਡੇਢ ਵਜੇ ਦੋ ਵਿਅਕਤੀ ਮੌਕੇ ‘ਤੇ ਪਹੁੰਚੇ ਅਤੇ ਘਰ ਵੱਲ ਕਈ ਰਾਊਂਡ ਗੋਲ਼ੀਆਂ ਚਲਾ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਇਹ ਫਾਇਰਿੰਗ ਦਵਿੰਦਰ ਸਿੰਘ ਉਰਫ਼ ਪ੍ਰਿੰਸ (30 ਸਾਲ) ਪੁੱਤਰ ਸੁਖਦੇਵ ਸਿੰਘ, ਵਾਰਡ ਨੰਬਰ 9 ਨੰਗਲ ਲੁਬਾਣਾ ਦੇ ਰਹਿਣ ਵਾਲੇ ਦੇ ਘਰ ਦੇ ਬਾਹਰ ਹੋਈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਦੋ ਹਫ਼ਤੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਿੰਡ ਆਇਆ ਸੀ। ਅਣਪਛਾਤੇ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਬਾਹਰ ਪਿਸਤੌਲ ਫਾਇਰ ਕਰਕੇ ਫਰਾਰ ਹੋ ਗਏ। ਦੋਵੇਂ ਵਿਅਕਤੀਆਂ ਦੇ ਮੂੰਹ ਬੰਨੇ ਹੋਏ ਸਨ।
ਘਟਨਾ ਦੌਰਾਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖ਼ੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਪਰ ਘਰ ‘ਤੇ ਗੋਲ਼ੀਆਂ ਦੇ ਨਿਸ਼ਾਨ ਮਿਲੇ ਹਨ। ਪੂਰੀ ਵਾਰਦਾਤ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।