ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਹਮਵਤਨ ਪ੍ਰਿਯਾਂਸ਼ੁ ਰਾਜਾਵਤ ਨੂੰ ਹਰਾ ਕੇ ਕੈਨੇਡਾ ਓਪਨ 2025 ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਰਾਊਂਡ ’ਚ ਜਗ੍ਹਾ ਬਣਾ ਲਈ ਹੈ।
ਮਾਖਰਮ ਪੈਨ ਐੱਮ. ਸੈਂਟਰ ’ਚ ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਬੈਡਮਿੰਟਨ ਰੈਂਕਿੰਗ ’ਚ 49ਵੇਂ ਸਥਾਨ ’ਤੇ ਕਾਬਿਜ਼ ਕਿਦਾਂਬੀ ਸ਼੍ਰੀਕਾਂਤ ਹਮਵਤਨ ਪ੍ਰਿਯਾਂਸ਼ੁ ਰਾਜਾਵਤ ਖਿਲਾਫ ਸ਼ੁਰੂਆਤੀ ਗੇਮ ਹਾਰ ਗਿਆ। ਇਸ ਤੋਂ ਬਾਅਦ ਸ਼੍ਰੀਕਾਂਤ ਨੇ ਵਾਪਸੀ ਕਰਦਿਆਂ 53 ਮਿੰਟ ਤੱਕ ਚੱਲੇ ਮੁਕਾਬਲੇ ਨੂੰ 18-21, 21-19, 21-14 ਨਾਲ ਆਪਣੇ ਨਾਂ ਕਰ ਲਿਆ।
ਦੂਸਰੇ ਰਾਊਂਡ ’ਚ ਸ਼੍ਰੀਕਾਂਤ ਦਾ ਮੁਕਾਬਲਾ ਚੀਨੀ ਤਾਈਪੇ ਦੇ ਵਿਸ਼ਵ ਨੰਬਰ 71 ਪੋ-ਵੇਈ ਵਾਂਗ ਨਾਲ ਹੋਵੇਗਾ, ਜਿਸ ਨੇ ਸ਼ੁਰੂਆਤੀ ਦੌਰ ’ਚ ਮਲੇਸ਼ੀਆ ਦੇ ਜਸਟਿਨ ਹੋਹ ਨੂੰ ਹਰਾਇਆ ਹੈ। ਇਸ ਵਿਚਾਲੇ ਪਿਛਲੇ ਹਫਤੇ ਅਮਰੀਕਾ ਓਪਨ ’ਚ ਖਿਤਾਬ ਜਿੱਤਣ ਵਾਲੇ ਦੁਨੀਆ ਦੇ 31ਵੇਂ ਨੰਬਰ ਦੇ ਖਿਡਾਰੀ ਅਤੇ 5ਵਾਂ ਦਰਜਾ ਪ੍ਰਾਪਤ ਆਯੁਸ਼ ਸ਼ੈੱਟੀ ਨੂੰ ਕੈਲਗਰੀ ’ਚ ਨਿਰਾਸ਼ਾ ਹੱਥ ਲੱਗੀ। ਉਸ ਨੂੰ ਸਾਥੀ ਬੈਡਮਿੰਟਨ ਖਿਡਾਰੀ ਐੱਸ. ਸ਼ੰਕਰ ਮੁਥੁਸਾਮੀ ਨੇ ਸ਼ੁਰੂਆਤੀ ਰਾਊਂਡ ’ਚ ਹੀ ਬਾਹਰ ਕਰ ਦਿੱਤਾ।
57ਵੇਂ ਸਥਾਨ ’ਤੇ ਕਾਬਿਜ਼ ਮੁਥੁਸਾਮੀ ਨੇ 44 ਮਿੰਟ ’ਚ 23-21, 21-12 ਦੇ ਸਕੋਰ ਨਾਲ ਜਿੱਤ ਹਾਸਲ ਕੀਤੀ। ਹੁਣ ਅਗਲੇ ਦੌਰ ’ਚ ਉਸ ਦਾ ਸਾਹਮਣਾ ਚੀਨੀ ਤਾਈਪੇ ਦੇ ਯੂ ਕਾਈ ਹੁਆਂਗ ਨਾਲ ਹੋਵੇਗਾ। ਇਸ ਦੌਰਾਨ ਮਹਿਲਾ ਵਰਗ ’ਚ ਸ਼੍ਰੀਯਾਂਸ਼ੀ ਵਲੀਸ਼ੈੱਟੀ ਇਕੋ-ਇਕ ਭਾਰਤੀ ਸ਼ਟਲਰ ਰਹੀ, ਜਿਸ ਨੇ ਬੀ. ਡਬਲਯੂ. ਐੱਫ. ਸੁਪਰ-300 ਟੂਰਨਾਮੈਂਟ ’ਚ ਮਹਿਲਾ ਸਿੰਗਲ ਦੇ ਸ਼ੁਰੂਆਤੀ ਰਾਊਂਡ ’ਚ ਜਿੱਤ ਦਰਜ ਕੀਤੀ।