ਇਸ ਵੇਲੇ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਭਾਰੀ ਤਬਾਹੀ ਮੱਚ ਗਈ ਹੈ। ਇਸ ਕਾਰਨ ਬਿਆਸ ਦਰਿਆ ਵਿਚ ਹੜ੍ਹ ਆ ਗਏ ਹਨ, ਜਿਸ ਕਾਰਨ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਕਰ ਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਹਿਮਾਚਲ ਦੇ ਕਈ ਜ਼ਿਲ੍ਹਿਆਂ ਲਈ Red Alert ਜਾਰੀ ਕੀਤਾ ਗਿਆ ਸੀ ਤੇ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇੱਥੇ ਭਾਰੀ ਬਾਰਿਸ਼ ਵੀ ਹੋ ਰਹੀ ਹੈ। ਇਸ ਵਿਚਾਲੇ ਮੰਡੀ ਸਣੇ ਕਈ ਥਾਵਾਂ 'ਤੇ ਬੱਦਲ ਫਟਣ ਕਾਰਨ ਹਾਲਾਤ ਹੋਰ ਵਿਗੜ ਗਏ ਹਨ। ਇਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਦੇ ਨਾਲ ਹੀ ਦਰਿਆਵਾਂ ਦਾ ਪਾਣੀ ਚੜ੍ਹਣ ਕਾਰਨ ਹੜ੍ਹ ਦਾ ਅਲਰਟ ਵੀ ਜਾਰੀ ਕੀਤਾ ਜਾ ਚੁੱਕਿਆ ਹੈ।
ਮਾਨਸੂਨ ਕਾਰਨ ਮਚੀ ਭਾਰੀ ਤਬਾਹੀ
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹਿਮਾਚਲ ’ਚ 20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 29 ਜੂਨ ਦੀ ਸ਼ਾਮ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। 4 ਲੋਕ ਲਾਪਤਾ ਹਨ, ਜਦਕਿ 81 ਲੋਕ ਜ਼ਖਮੀ ਹਨ। ਇਸ ’ਚ ਸੱਪ ਦੇ ਡੰਗਣ, ਡੁੱਬਣ, ਸੜਕ ਹਾਦਸਿਆਂ ਤੋਂ ਇਲਾਵਾ ਪਾਣੀ ’ਚ ਰੁੜ੍ਹੇ ਲੋਕਾਂ ਦੇ ਅੰਕੜੇ ਸ਼ਾਮਲ ਹਨ। ਮਾਨਸੂਨ ਕਾਰਨ 20 ਲੋਕਾਂ ਦੀ ਮੌਤ ਹੋਈ ਹੈ, ਜਦਕਿ 19 ਲੋਕਾਂ ਦੀ ਮੌਤ ਵੱਖ-ਵੱਖ ਹਾਦਸਿਆਂ ’ਚ ਹੋਈ ਹੈ। ਭਾਰੀ ਮੀਂਹ ਕਾਰਨ ਸੂਬੇ ’ਚ 20 ਤੋਂ 29 ਜੂਨ ਤੱਕ 7,540.09 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਨੂੰ 3472.7 ਲੱਖ, ਜਦਕਿ ਜਲ ਸ਼ਕਤੀ ਵਿਭਾਗ ਨੂੰ 3856.56 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 8 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ 13 ਨੂੰ ਨੁਕਸਾਨ ਪਹੁੰਚਿਆ ਹੈ। 8 ਦੁਕਾਨਾਂ ਅਤੇ 12 ਗਊਸ਼ਾਲਾਵਾਂ ਵੀ ਰੁੜ੍ਹ ਗਈਆਂ, ਜਿਨ੍ਹਾਂ ’ਚ 40 ਪਸ਼ੂ ਤੇ ਪੰਛੀ ਸਨ। ਸੂਬੇ ਭਰ ’ਚ 129 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ 612 ਬਿਜਲੀ ਟ੍ਰਾਂਸਫਾਰਮਰ ਅਤੇ 100 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਪ੍ਰਭਾਵਿਤ ਹੋਈਆਂ ਹਨ।