ਬਿਲਾਸਪੁਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਬੁੱਧਵਾਰ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਤੋਂ ਜਾਰੀ ਧਨ ਰਾਸ਼ੀ ਖਰਚ ਨਹੀਂ ਕਰ ਸਕੀ ਅਤੇ ਲੋਕਾਂ ਨਾਲ 'ਅਨਿਆਂ' ਕਰ ਰਹੀ ਹੈ। ਬਿਲਾਸਪੁਰ 'ਚ ਇਕ ਪਰਿਵਾਰਕ ਸਮਾਰੋਹ 'ਚ ਸ਼ਾਮਲ ਹੋਣ ਆਏ ਨੱਢਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਆਫ਼ਤ ਰਾਹਤ ਫੰਡ ਜਾਰੀ ਕੀਤਾ ਹੈ ਅਤੇ ਸਿਹਤ ਸੇਵਾ ਲਈ ਕਰੋੜਾਂ ਰੁਪਏ ਜਾਰੀ ਕੀਤੇ ਹਨ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਭ ਦੇ ਬਾਵਜੂਦ ਰਾਜ ਅਜੇ ਤੱਕ ਉਸ ਪੈਸੇ ਦਾ ਪੂਰਾ ਉਪਯੋਗ ਨਹੀਂ ਕਰ ਸਕਿਆ ਹੈ। ਨੱਢਾ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ 'ਜਨਵਿਰੋਧੀ' ਹੈ ਅਤੇ ਉਸ ਨੂੰ ਜਨਤਾ ਨਾਲ ਕੋਈ ਲਗਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮਕਸਦ ਸੱਤਾ ਹਥਿਆ ਕੇ ਪੈਸੇ ਜੁਟਾਉਣਾ ਹੈ। ਇਸ ਤੋਂ ਪਹਿਲੇ ਨੱਢਾ ਨੇ ਰਾਜੀਵ ਬਿੰਦਲ ਨੂੰ ਇਕ ਵਾਰ ਮੁੜ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੱਤੀ।