ਦੇਸ਼ ’ਚ ਡਿਜੀਟਲ ਪੇਮੈਂਟ ਦਾ ਸਭ ਤੋਂ ਵੱਡਾ ਪਲੇਟਫਾਰਮ ਯੂ. ਪੀ. ਆਈ. ਇਕ ਵਾਰ ਫਿਰ ਆਪਣੀ ਤਾਕਤ ਦਿਖਾਉਣ ’ਚ ਕਾਮਯਾਬ ਰਿਹਾ ਹੈ। ਨਵੰਬਰ ’ਚ ਹਲਕੀ ਗਿਰਾਵਟ ਤੋਂ ਬਾਅਦ ਦਸੰਬਰ ’ਚ ਯੂ. ਪੀ. ਆਈ. ਟਰਾਂਜ਼ੈਕਸ਼ਨ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਵਾਲਿਊਮ ਅਤੇ ਵੈਲਿਊ ਦੋਵਾਂ ਦੇ ਮਾਮਲੇ ’ਚ ਨਵਾਂ ਰਿਕਾਰਡ ਬਣਾ ਦਿੱਤਾ।
ਸਾਲ ਦੇ ਆਖਰੀ ਮਹੀਨੇ ’ਚ ਲੋਕਾਂ ਦੇ ਵਧਦੇ ਖਰਚ ਨੇ ਡਿਜੀਟਲ ਪੇਮੈਂਟ ਨੂੰ ਨਵੀਂ ਉਚਾਈ ’ਤੇ ਪਹੁੰਚਾ ਦਿੱਤਾ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਦੇ ਅੰਕੜਿਆਂ ਮੁਤਾਬਕ ਦਸੰਬਰ ’ਚ ਯੂ. ਪੀ. ਆਈ. ਜ਼ਰੀਏ 21.6 ਬਿਲੀਅਨ ਤੋਂ ਵੱਧ ਟਰਾਂਜ਼ੈਕਸ਼ਨਜ਼ ਹੋਈਆਂ। ਇਹ ਗਿਣਤੀ ਨਵੰਬਰ ਦੇ ਮੁਕਾਬਲੇ ਸਾਫ ਤੌਰ ’ਤੇ ਵੱਧ ਰਹੀ। ਟਰਾਂਜ਼ੈਕਸ਼ਨਜ਼ ਦੀ ਕੁਲ ਵੈਲਿਊ ਵੀ ਵਧ ਕੇ ਕਰੀਬ 28 ਲੱਖ ਕਰੋਡ਼ ਰੁਪਏ ਤੱਕ ਪਹੁੰਚ ਗਈ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ।
ਤਿਉਹਾਰ ਅਤੇ ਨਵੇਂ ਸਾਲ ਦੀ ਖਰੀਦਦਾਰੀ ਦਾ ਅਸਰ
ਦਸੰਬਰ ’ਚ ਯੂ. ਪੀ. ਆਈ. ਦੇ ਅੰਕੜਿਆਂ ’ਚ ਆਈ ਤੇਜ਼ੀ ਪਿੱਛੇ ਸਭ ਤੋਂ ਵੱਡੀ ਵਜ੍ਹਾ ਤਿਉਹਾਰਾਂ ਅਤੇ ਨਵੇਂ ਸਾਲ ਦੀਆਂ ਤਿਆਰੀਆਂ ਰਹੀਆਂ। ਕ੍ਰਿਸਮਸ, ਨਿਊ ਈਅਰ ਸੇਲ, ਟਰੈਵਲ ਬੁਕਿੰਗ, ਹੋਟਲ, ਆਨਲਾਈਨ ਸ਼ਾਪਿੰਗ ਅਤੇ ਰਿਟੇਲ ਖਰਚ ’ਚ ਵਾਧਾ ਹੋਇਆ।
ਲੋਕਾਂ ਨੇ ਕੈਸ਼ ਦੀ ਬਜਾਏ ਡਿਜੀਟਲ ਪੇਮੈਂਟ ਨੂੰ ਪਹਿਲ ਦਿੱਤੀ, ਜਿਸ ਨਾਲ ਯੂ. ਪੀ. ਆਈ. ਦੀ ਵਰਤੋਂ ਤੇਜ਼ੀ ਨਾਲ ਵਧੀ। ਦਸੰਬਰ ਦੌਰਾਨ ਹਰ ਦਿਨ ਔਸਤਨ ਕਰੋਡ਼ਾਂ ਯੂ. ਪੀ. ਆਈ. ਟਰਾਂਜ਼ੈਕਸ਼ਨ ਦਰਜ ਕੀਤੀਆਂ ਗਈਆਂ। ਰੋਜ਼ਾਨਾ ਹੋਣ ਵਾਲੇ ਡਿਜੀਟਲ ਭੁਗਤਾਨ ਦੀ ਵੈਲਿਊ ਵੀ ਲਗਾਤਾਰ ਉੱਚੇ ਪੱਧਰ ’ਤੇ ਬਣੀ ਰਹੀ । ਇਸ ਤੋਂ ਸਾਫ ਹੈ ਕਿ ਯੂ. ਪੀ. ਆਈ. ਹੁਣ ਸਿਰਫ ਛੋਟੇ ਭੁਗਤਾਨ ਦਾ ਜ਼ਰੀਆ ਨਹੀਂ ਰਿਹਾ, ਸਗੋਂ ਵੱਡੇ ਲੈਣ-ਦੇਣ ’ਚ ਵੀ ਇਸ ਦੀ ਭੂਮਿਕਾ ਵੱਧ ਗਈ ਹੈ।