ਕਸ਼ਮੀਰ ਘਾਟੀ ਵਿੱਚ ਕੜਾਕੇ ਦੀ ਠੰਢ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ ਰਾਤ ਨੂੰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਭਾਰੀ ਗਿਰਾਵਟ ਕਾਰਨ ਸ਼੍ਰੀਨਗਰ ਸਮੇਤ ਕਈ ਥਾਵਾਂ 'ਤੇ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਭਿਆਨਕ ਠੰਢ ਕਾਰਨ ਪ੍ਰਸਿੱਧ ਡਲ ਝੀਲ ਸਮੇਤ ਕਈ ਜਲ ਸਰੋਤਾਂ ਦੇ ਕੰਢੇ ਜੰਮ ਗਏ ਹਨ।
ਸ਼੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.2 ਡਿਗਰੀ ਘੱਟ ਹੈ। ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਸਥਿਤ ਸੋਨਮਰਗ ਰਾਜ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ ਮਨਫ਼ੀ 9.8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਉੱਤਰੀ ਕਸ਼ਮੀਰ ਦੇ ਗੁਲਮਰਗ ਵਿੱਚ ਤਾਪਮਾਨ ਮਨਫ਼ੀ 9.2 ਡਿਗਰੀ ਅਤੇ ਪਹਿਲਗਾਮ ਵਿੱਚ ਮਨਫ਼ੀ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਾਜ਼ੀਗੁੰਡ, ਕੋਕਰਨਾਗ ਅਤੇ ਕੁਪਵਾੜਾ ਵਿੱਚ ਵੀ ਤਾਪਮਾਨ ਮਨਫ਼ੀ 3 ਤੋਂ 5.4 ਡਿਗਰੀ ਦੇ ਵਿਚਕਾਰ ਰਿਹਾ।
ਕਸ਼ਮੀਰ ਘਾਟੀ ਇਸ ਸਮੇਂ 'ਚਿੱਲਈ ਕਲਾਂ' ਦੀ ਲਪੇਟ ਵਿੱਚ ਹੈ, ਜੋ ਕਿ 40 ਦਿਨਾਂ ਦੀ ਅਤਿ ਦੀ ਠੰਢ ਵਾਲੀ ਮਿਆਦ ਹੁੰਦੀ ਹੈ। ਇਹ ਮਿਆਦ 21 ਦਸੰਬਰ ਤੋਂ ਸ਼ੁਰੂ ਹੋਈ ਸੀ ਅਤੇ 30 ਜਨਵਰੀ 2026 ਨੂੰ ਖ਼ਤਮ ਹੋਵੇਗੀ। ਹਾਲਾਂਕਿ ਮੈਦਾਨੀ ਇਲਾਕਿਆਂ ਵਿੱਚ ਅਜੇ ਤੱਕ ਬਰਫ਼ਬਾਰੀ ਨਹੀਂ ਹੋਈ ਹੈ, ਪਰ ਮੌਸਮ ਵਿਭਾਗ ਨੇ 20 ਜਨਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ 10 ਜਨਵਰੀ ਤੱਕ ਰਾਤ ਦੇ ਤਾਪਮਾਨ ਵਿੱਚ ਹੋਰ ਵੱਡੀ ਗਿਰਾਵਟ ਆ ਸਕਦੀ ਹੈ।