ਕੋਚੀ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਬੱਚਿਆਂ ਲਈ ਮਾਪਿਆਂ ਵਾਂਗ ਹੈ ਅਤੇ ਇਸਨੂੰ ਬਦਲਿਆ ਨਹੀਂ ਜਾ ਸਕਦਾ, ਭਾਵੇਂ ਕੋਈ ਕਿੰਨੀ ਵੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ, "ਸੰਵਿਧਾਨ ਦੀ ਪ੍ਰਸਤਾਵਨਾ ਸੰਬੰਧੀ ਬਹੁਤ ਸਾਰੇ ਮੁੱਦੇ ਉੱਠੇ ਹਨ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਬੱਚਿਆਂ ਲਈ ਮਾਪਿਆਂ ਵਾਂਗ ਹੈ। ਤੁਸੀਂ ਕਿੰਨੀ ਵੀ ਕੋਸ਼ਿਸ਼ ਕਰੋ, ਤੁਸੀਂ ਆਪਣੇ ਮਾਪਿਆਂ ਦੀ ਭੂਮਿਕਾ ਨੂੰ ਨਹੀਂ ਬਦਲ ਸਕਦੇ। ਇਹ ਸੰਭਵ ਨਹੀਂ ਹੈ।"
ਕੋਚੀ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ਼ ਐਡਵਾਂਸਡ ਲੀਗਲ ਸਟੱਡੀਜ਼ (NUALS) ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਇਤਿਹਾਸਕ ਤੌਰ 'ਤੇ ਕਿਸੇ ਵੀ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਨਹੀਂ ਬਦਲੀ ਗਈ ਪਰ ਐਮਰਜੈਂਸੀ ਦੌਰਾਨ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਬਦਲ ਦਿੱਤੀ ਗਈ ਸੀ। ਉਨ੍ਹਾਂ ਕਿਹਾ, "ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਉਸ ਸਮੇਂ ਬਦਲਿਆ ਗਿਆ, ਜਦੋਂ ਸੈਂਕੜੇ ਅਤੇ ਹਜ਼ਾਰਾਂ ਲੋਕ ਜੇਲ੍ਹ ਵਿੱਚ ਸਨ, ਜੋ ਕਿ ਸਾਡੇ ਲੋਕਤੰਤਰ ਦਾ ਸਭ ਤੋਂ ਕਾਲਾ ਦੌਰ ਸੀ ਯਾਨੀ ਐਮਰਜੈਂਸੀ।" ਉਨ੍ਹਾਂ ਦਾ ਇਹ ਬਿਆਨ ਰਾਸ਼ਟਰੀ ਸਵੈਮ ਸੇਵਕ ਸੰਘ (RSS) ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ 'ਸਮਾਜਵਾਦੀ' ਅਤੇ 'ਧਰਮ ਨਿਰਪੱਖ' ਸ਼ਬਦਾਂ ਦੀ ਸਮੀਖਿਆ ਕਰਨ ਦੀ ਹਾਲ ਹੀ ਦੀ ਮੰਗ ਦੇ ਸੰਦਰਭ ਵਿੱਚ ਆਇਆ ਹੈ।
ਆਰਐਸਐਸ ਦਾ ਕਹਿਣਾ ਹੈ ਕਿ ਇਹ ਸ਼ਬਦ ਡਾ. ਭੀਮ ਰਾਓ ਅੰਬੇਡਕਰ ਦੁਆਰਾ ਤਿਆਰ ਕੀਤੇ ਗਏ ਸੰਵਿਧਾਨ ਵਿੱਚ ਨਹੀਂ ਸਨ ਅਤੇ ਐਮਰਜੈਂਸੀ ਦੌਰਾਨ ਜੋੜੇ ਗਏ ਸਨ। ਨਵੀਂ ਦਿੱਲੀ ਵਿਚ 26 ਜੂਨ ਨੂੰ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਆਯੋਜਿਤ ਕੀਤੇ ਗਏ ਇੱਕ ਸਮਾਗਮ ਵਿੱਚ ਬੋਲਦੇ ਹੋਏ ਆਰਐਸਐਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਨੇ ਕਿਹਾ, "ਬਾਬਾ ਸਾਹਿਬ ਅੰਬੇਡਕਰ ਨੇ ਜੋ ਸੰਵਿਧਾਨ ਬਣਾਇਆ ਹੈ, ਉਸ ਦੀ ਪ੍ਰਸਤਾਵਨਾ ਵਿੱਚ ਇਹ ਸ਼ਬਦ ਕਦੇ ਵੀ ਨਹੀਂ ਸਨ। ਐਮਰਜੈਂਸੀ ਦੌਰਾਨ ਜਦੋਂ ਮੌਲਿਕ ਅਧਿਕਾਰ ਮੁਅੱਤਲ ਕੀਤੇ ਗਏ ਸਨ, ਸੰਸਦ ਕੰਮ ਨਹੀਂ ਕਰ ਰਹੀ ਸੀ, ਨਿਆਂਪਾਲਿਕਾ ਅਧਰੰਗੀ ਹੋ ਗਈ ਸੀ, ਉਸ ਸਮੇਂ ਇਹ ਸ਼ਬਦ ਜੋੜੇ ਗਏ।"