ਮੋਹਾਲੀ (ਪ੍ਰੀਤ ਪੱਤੀ) : ਚੰਡੀਗੜ੍ਹ ਯੂਨੀਵਰਸਿਟੀ ’ਚ ਦੂਜੇ ਚਾਰ ਰੋਜ਼ਾ ’ਸੀਯੂ ਸਕਾਲਰਜ਼ ਸਮਿਟ-2025’ ਦੀ ਸੋਮਵਾਰ ਸ਼ਾਨਦਾਰ ਸ਼ੁਰੂਆਤ ਹੋਈ ਜਿਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ 2025 (ਸੀਯੂਸੀਈਟੀ 2025) ਵਿਚ ਅੱਵਲ ਆਉਣ ਵਾਲੇ 800 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਚੰਡੀਗੜ੍ਹ ਯੂਨੀਵਰਸਿਟੀ ਦੇ ਇਸ ਚਾਰ ਰੋਜ਼ਾ ਸਮਿਟ ਵਿਚ ਸੀਯੂਸੀਈਟੀ ਰਾਹੀ ਸਕਾਲਰਸ਼ਿਪ ਹਾਸਲ ਕਰਨ ਵਾਲੇ 3200 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਿਟ ਵਿੱਚ ਚੋਟੀ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਰਮਾਂ ਦੇ ਸੀਈਓ, ਵਾਈਸ ਪ੍ਰੈਜ਼ੀਡੈਂਟ, ਇੰਡਸਟਰੀ ਲੀਡਰ, ਪ੍ਰਸਿੱਧ ਬਾਲੀਵੁੱਡ ਅਭਿਨੇਤਾ, ਰਾਜਨੀਤਿਕ ਹਸਤੀਆਂ ਅਤੇ ਪ੍ਰਸਿੱਧ ਕਲਾਕਾਰ ਹਿੱਸਾ ਲੈਣਗੇ ਅਤੇ ਪੈਨਲ ਚਰਚਾਵਾਂ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ।
ਭਾਰਤ ਦੀ ਮੋਹਰੀ ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਸਮਿਟ ਹੋਣ-ਹਾਰ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਚੰਡੀਗੜ੍ਹ ਯੂਨੀਵਰਸਿਟੀ 170 ਕਰੋੜ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਪ੍ਰਦਾਨ ਕਰ ਕੇ ਹੋਣਹਾਰ ਅਤੇ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ।
ਦੂਜੇ ਸੀਯੂ ਸਕਾਲਰਜ਼ ਸਮਿਟ ਵਿੱਚ ਦੇਸ਼ ਦੇ 20 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਵੱਖ-ਵੱਖ ਸਟ੍ਰੀਮਾਂ ਦੇ 3200 ਯੂਜੀ/ਪੀਜੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਦੇ 800 ਬੈਚਲਰ ਆਫ ਇੰਜੀਨੀਅਰਿੰਗ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ) ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਨ੍ਹਾਂ ਵਿਦਿਆਰਥੀਆਂ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰਾਖੰਡ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਨੌਰਥ ਈਸਟ, ਮਹਾਰਾਸ਼ਟਰ, ਓਡੀਸ਼ਾ, ਕੇਰਲਾ, ਆਂਧਰਾ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਵਿਦਿਆਰਥੀ ਵੀ ਸ਼ਾਮਲ ਰਹੇ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਕਾਲਰਜ਼ ਸਮਿਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ, ਇਸ ਦੌਰਾਨ ਉਨ੍ਹਾਂ ਦੇ ਨਾਲ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਵੀ ਸ਼ਾਮਲ ਰਹੇ। ਵਿਸ਼ੇਸ਼ ਮਹਿਮਾਨ ਵਜੋਂ ਅਲਾਇੰਸ-ਇੰਡੀਆ ਨੌਰਥ, ਟਾਟਾ ਕੰਸਲਟੈਂਸੀ ਸਰਵਿਸ ਦੇ ਅਕਾਦਮਿਕ ਰੀਜਨਲ ਹੈੱਡ ਰੰਜੀਤ ਸਿੱਕਾ, ਯਾਮਾਹਾ ਮੋਟਰ ਪ੍ਰਾਈਵੇਟ ਅਤੇ ਲੀਡ-ਐਮਰਜਿੰਗ ਟੈਕ ਐਂਡ ਇਨੋਵੇਸ਼ਨ ਸੈਂਟਰ ਦੇ ਮਨੀਸ਼ ਪੀਪਲਾਨੀ, ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਗੁਲਸ਼ਨ ਗਰੋਵਰ, ਹਰ ਹਰ ਸ਼ੰਭੂ ਫੇਮ ਅਭਿਲਿਪਸਾ ਪਾਂਡਾ ਅਤੇ ਹੋਰ ਹਸਤੀਆਂ ਸ਼ਾਮਲ ਹੋਈਆ। ਇਸ ਦੌਰਾਨ, ਇੰਡਸਟਰੀ ਪ੍ਰੋਫੈਸ਼ਨਲਜ਼ ਅਤੇ 8 ਸਾਬਕਾ ਵਿਦਿਆਰਥੀਆਂ ਨਾਲ ਇੱਕ ਗੱਲਬਾਤ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਰਾਹੀ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਹਾਸਲ ਕੀਤੀ।
ਦੂਜੇ ਸੀਯੂ ਸਕਾਲਰਜ਼ ਸਮਿਟ-2025 ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਭਾਰਤ ਦੇ ਲਗਭਗ ਸਾਰੇ ਰਾਜਾਂ ਤੋਂ ਵਿਦਿਆਰਥੀ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਇਸ ਪੱਧਰ ਦੀਆਂ ਯੂਨੀਵਰਸਿਟੀਆਂ ਹਨ ਜਿੱਥੇ ਪੂਰੇ ਦੇਸ਼ ਤੋਂ ਵਿਦਿਆਰਥੀ ਸਿੱਖਿਆ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਮੈਨੂੰ ਵੱਖ-ਵੱਖ ਯੂਨੀਵਰਸਿਟੀਆਂ ਦਾ ਮੁਆਇਨਾ ਕਰਨ ਅਤੇ ਕਾਰਗੁਜ਼ਾਰੀ ਦੇਖਣ ਦਾ ਮੌਕਾ ਮਿਲਿਆ ਹੈ ਅਤੇ ਇਨ੍ਹਾਂ ਸਾਰੇ ਮਾਪਦੰਡਾਂ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜੋ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਕਈ ਸੌ ਸਾਲ ਪੁਰਾਣੀਆਂ ਹਨ ਪਰ ਚੰਡੀਗੜ੍ਹ ਯੂਨੀਵਰਸਿਟੀ ਸਿਰਫ 13 ਸਾਲਾਂ ਵਿੱਚ ਦੁਨੀਆ ਦੀਆਂ ਸਿਖਰ ਦੀਆਂ 2 ਪ੍ਰਤੀਸ਼ਤ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਈ ਹੈ।ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ,ਫੈਕਲਟੀ, ਟੀਚਿੰਗ ਸਟਾਫ ਅਤੇ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਰ ਇਕ ਕਰਮਚਾਰੀ ਨੂੰ ਦਿੱਤਾ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦਾ “ਐਸਪੀਰੇਸ਼ਨਲ ਸਰਵੇ“ ਕਰਵਾਉਣ ਦਾ ਵਿਚਾਰ ਬਹੁਤ ਵਧੀਆ ਹੈ, ਕਿਉਂਕਿ ਇਸ ਨਾਲ ਇਹ ਪਤਾ ਲੱਗੇਗਾ ਕਿ ਵਿਦਿਆਰਥੀ ਕਿਹੜੇ ਸੁਪਨੇ ਅਤੇ ਖਾਹਿਸ਼ਾਂ ਲੈ ਕੇ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਭਵਿੱਖ ਵਿੱਚ ਇੱਕ ਸੁਪਰ ਪਾਵਰ ਬਣਨਾ ਹੈ ਤਾਂ ਇਸਦਾ ਇੱਕੋ ਇੱਕ ਤਰੀਕਾ ਨਵੇਂ ਸਟਾਰਟਅੱਪ ਹਨ। ਭਾਰਤ ਦੀ ਆਬਾਦੀ ਨੂੰ ਦੇਖਦੇ ਹੋਏ, ਸਾਨੂੰ ਸਟਾਰਟਅੱਪਸ ਵਿੱਚ ਪਹਿਲੇ ਨੰਬਰ ’ਤੇ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਹੁਣ ਤੱਕ ਇਕ ਲੱਖ 92 ਹਜ਼ਾਰ ਬੱਚਿਆਂ ਨੂੰ ਸਕਾਲਰਸ਼ਿਪ ਦੇ ਚੁੱਕੀ ਹੈ ਅਤੇ ਸਕਾਲਰਸ਼ਿਪ ਰਾਹੀ ਸਲਾਨਾ ਕਰੀਬ 170 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।ਸਟਾਰਟਅੱਪਸ ਦੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਐਮਾਜ਼ਾਨ, ਫੇਸਬੁੱਕ ਮੇਟਾ ਜਿਹੀਆਂ ਵੱਡੀਆਂ ਕੰਪਨੀਆਂ ਇਕ ਵਿਚਾਰ ਨਾਲ ਹੀ ਸ਼ੁਰੂ ਹੋਈਆਂ ਸਨ ਅਤੇ ਇੱਕ ਵਿਚਾਰ ਇੱਕ ਰਾਸ਼ਟਰ ਨੂੰ ਬਦਲ ਸਕਦਾ ਹੈ।ਅਸੀਂ ਆਪਣੇ ਵਿਦਿਆਰਥੀਆਂ ਦੇ ਵਿਚਾਰਾਂ ਦੀ ਖੁਦ ਵਰਤੋਂ ਕਰ ਸਕਦੇ ਹਾਂ ਅਤੇ ਸਾਨੂੰ ਵਿਦੇਸ਼ੀ ਕੰਪਨੀਆਂ ਵੱਲ ਦੇਖਣ ਦੀ ਲੋੜ ਨਹੀ ਹੈ।
ਇਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਨੇ ਦੇਸ਼ ਭਰ ਦੇ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਇਹ ਸਕਾਲਰਸਿਪ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਇੱਕ ਸਨਮਾਨ ਹੈ।ਇਹ ਉਨ੍ਹਾਂ ਦੀ ਸਖ਼ਤ ਮਿਹਨਤ, ਉਨ੍ਹਾਂ ਦੇ ਮਾਪਿਆਂ ਦੇ ਤਿਆਗ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਪ੍ਰਣਾਮ ਹੈ। ਸਕਾਲਰਸਿਪ ਹਾਸਲ ਕਰਨਾ ਇੱਕ ਪ੍ਰਾਪਤੀ ਹੈ, ਪਰ ਇਸਦਾ ਅਸਲ ਉਦੇਸ਼ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ।ਚੰਡੀਗੜ੍ਹ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਮਿਆਰੀ ਸਿੱਖਿਆ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਦੇ ਅੰਦਰ ਛੁੱਪੀ ਹੋਈ ਪ੍ਰਤੀਭਾ ਵਿੱਚ ਨਿਵੇਸ਼ ਕਰਨਾ ਹੈ ਤਾਂ ਜੋ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਪੇਸ਼ “ਵਿਕਸਿਤ ਭਾਰਤ“ ਦਾ ਵਿਜ਼ਨ ਹੈ ਕਿ ਜਦੋਂ ਭਾਰਤ ਆਜ਼ਾਦੀ ਦੇ ਸੌ ਸਾਲ ਪੂਰੇ ਕਰੇਗਾ ਤਾਂ ਉਹ ਵਿਕਾਸਸ਼ੀਲ ਨਹੀਂ ਬਲਕਿ ਵਿਕਸਿਤ ਦੇਸ਼ ਹੋਵੇਗਾ ਅਤੇ ਜਲਦ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦੀਆਂ ਇੱਛਾਵਾਂ ਨੂੰ ਸਮਝ ਕੇ, ਉਨ੍ਹਾਂ ਅਨੁਸਾਰ ਯੋਜਨਾ ਬਣਾ ਕੇ ਯੂਨੀਵਰਸਿਟੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਹਿਯੋਗੀ ਬਣ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀ ਰੈਂਕਿੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀ ਸਭ ਤੋਂ ਨੌਜਵਾਨ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਸਨੇ ਸਿਰਫ 13 ਸਾਲਾਂ ਵਿੱਚ ਕਿਊ.ਐੱਸ. ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 575ਵਾਂ ਗਲੋਬਲ ਰੈਂਕ ਹਾਸਲ ਕਰਕੇ ਦੁਨੀਆ ਦੀਆਂ ਚੋਟੀ ਦੀਆਂ 2 ਪ੍ਰਤੀਸ਼ਤ ਯੂਨੀਵਰਸਿਟੀਆਂ ਵਿੱਚ ਜਗ੍ਹਾ ਬਣਾਈ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਅੱਜ ਉਨ੍ਹਾਂ ਕੋਲ ਜੋ ਅਵਸਰ ਹਨ, ਉਹ ਵਿਸ਼ੇਸ਼ ਹਨ ਅਤੇ ਉਨ੍ਹਾਂ ਨੂੰ ਇਸਦਾ ਸਹੀ ਪ੍ਰਯੋਗ ਕਰਨਾ ਚਾਹੀਦਾ ਹੈ।