ਲੁਧਿਆਣਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਫ਼ਿਰ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਮਜੀਠੀਆ ਦਾ ਨਾਂ ਤਾਂ ਨਹੀਂ ਲਿਆ ਪਰ ਇਸ਼ਾਰਿਆਂ ਇਸ਼ਾਰਿਆਂ ਵਿਚ ਵੱਡੀ ਗੱਲ ਕਹਿ ਦਿੱਤੀ।
ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੀ ਧੰਨਵਾਦ ਰੈਲੀ ਦੌਰਾਨ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸ਼ਹੀਦ ਊਧਮ ਸਿੰਘ ਦੀ ਧਰਤੀ ਤੋਂ ਆਉਂਦੇ ਹਨ। ਸ਼ਹੀਦ ਊਧਮ ਸਿੰਘ ਨੇ 22 ਸਾਲ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਅੱਗ ਦਿਲ ਵਿਚ ਬਾਲ ਕੇ ਰੱਖੀ ਤੇ 22 ਸਾਲਾਂ ਬਾਅਦ ਉਸ ਦਾ ਬਦਲਾ ਲਿਆ ਸੀ। ਅੱਜ ਉਨ੍ਹਾਂ ਦੀ ਧਰਤੀ ਦੇ ਹੀ ਜੰਮਪਲ ਅਮਨ ਅਰੋੜਾ ਪਾਰਟੀ ਦੇ ਪ੍ਰਧਾਨ ਹਨ ਤੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਦੀ ਰੋਟੀ ਖਵਾਉਣ ਵਾਲੇ ਨਾਭੇ ਜੇਲ੍ਹ ਵਿਚ ਬੈਠੇ ਹਨ। ਇਹ ਵੀ ਕੁਦਰਤ ਦਾ ਕਰਿਸ਼ਮਾ ਹੀ ਹੈ।
ਉਨ੍ਹਾਂ ਕਿਹਾ ਕਿ ਸਵਰਗ ਤੇ ਨਰਕ ਇੱਥੇ ਹੀ ਹੈ। ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਤੇ ਬਾਅਦ ਵਿਚ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਬੱਚ ਨਹੀਂ ਸਕਦੇ। ਕਾਨੂੰਨੀ ਕਾਰਵਾਈ ਵਿਚ ਦੇਰੀ ਜ਼ਰੂਰ ਹੋ ਸਕਦੀ ਹੈ, ਪਰ ਇਕ ਨਾ ਇਕ ਦਿਨ ਆਉਣਾ ਤਾਂ ਬੋਹੜ ਥੱਲੇ ਹੀ ਪੈਣਾ ਹੈ। ਇਹ ਸੱਚੀਆਂ ਨੀਅਤਾਂ ਨੂੰ ਮੁਰਾਦਾਂ ਹਨ।