ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਜ਼ਿਮਨੀ ਚੋਣ ਦੀ ਜਿੱਤ ਨੂੰ ਲੈ ਕੇ ਧੰਨਵਾਦ ਰੈਲੀ ਕੀਤੀ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 2027 ਦੀਆਂ ਚੋਣਾਂ ਭਾਰੀ ਜਿੱਤ ਬਹੁਮਤ ਨਾਲ ਜਿੱਤਣ ਦਾ ਦਾਅਵਾ ਕੀਤਾ।
ਆਪਣੇ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਨੇ ਜ਼ਬਰਦਸਤ ਕੰਮ ਕੀਤਾ ਹੈ। ਲੁਧਿਆਣਾ ਜ਼ਿਮਨੀ ਚੋਣ ਦੀ ਜਿੱਤ ਇਕ ਤਰ੍ਹਾਂ ਨਾਲ ਠੱਪਾ ਹੈ, ਲੋਕਾਂ ਨੇ ਆਪਣੀ ਮੋਹਰ ਲਗਾ ਦਿੱਤੀ ਹੈ ਕਿ ਲੱਗੇ ਰਹੋ ਬਹੁਤ ਵਧੀਆ ਕੰਮ ਕਰ ਰਹੇ ਹੋ, ਅਸੀਂ ਵੋਟਾਂ ਦਿੰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ 'ਤੇ ਜਨਤਾ ਨੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਦੌਰਾਨ ਪੰਜਾਬ ਆਮ ਆਦਮੀ ਪਾਰਟੀ ਭਾਰੀ ਬਹੁਮਤ ਚੋਣਾਂ ਜਿੱਤੇਗੀ।
ਇਸ ਦੌਰਾਨ ਵਿਧੋਰੀਆਂ 'ਤੇ ਤੰਜ ਕੱਸਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ। ਚੋਣਾਂ ਦੌਰਾਨ ਅਸੀਂ ਪੰਜਾਬ ਦੀ ਤਰੱਕੀ ਲਈ ਵੋਟਾਂ ਮੰਗ ਰਹੇ ਸੀ ਜਦਕਿ ਕਾਂਗਰਸ ਅਤੇ ਭਾਜਪਾ ਵਾਲਿਆਂ ਕੋਲ ਵੋਟਾਂ ਮੰਗਣ ਦਾ ਸਿਰਫ਼ ਇਕ ਹੀ ਮੁੱਦਾ ਸੀ ਕਿ ਕੇਜਰੀਵਾਲ ਨੂੰ ਰਾਜ ਸਭਾ ਵਿਚ ਜਾਣ ਤੋਂ ਰੋਕਣਾ ਹੈ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਸੈਟਿੰਗ ਹੈ। ਜ਼ਿਮਨੀ ਚੋਣ ਦੌਰਾਨ ਸਵੇਰ ਦੇ ਸਮੇਂ ਕਾਂਗਰਸ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪ੍ਰੈੱਸ ਕਾਨਫ਼ਰੰਸ ਕਰਕੇ ਕਹਿੰਦੇ ਸਨ ਕਿ ਕੇਜਰੀਵਾਲ ਨੂੰ ਰਾਜ ਸਭਾ ਵਿਚ ਜਾਣ ਤੋਂ ਰੋਕਿਆ ਜਾਵੇ ਜਦਕਿ ਭਾਜਪਾ ਵਾਲੇ ਦੁਪਹਿਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਕੇਜਰੀਵਾਲ ਨੂੰ ਰਾਜ ਸਭਾ ਵਿਚ ਜਾਣ ਤੋਂ ਰੋਕਣ ਲਈ ਕਹਿੰਦੇ ਸਨ। ਦੋਵੇਂ ਪਾਰਟੀਆਂ ਵਿਚਾਲੇ ਸੈਟਿੰਗ ਚੱਲ ਰਹੀ ਹੈ। ਇਨ੍ਹਾਂ ਕੋਲ ਕੋਈ ਹੋਰ ਮੁੱਦਾ ਨਹੀਂ ਸੀ। ਦੋਵੇਂ ਪਾਰਟੀਆਂ ਦਾ ਇਕ ਹੀ ਦੁਸ਼ਮਣ ਹੈ, ਜੋਕਿ ਆਮ ਆਦਮੀ ਪਾਰਟੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਦੋਵੇਂ ਪਾਰਟੀਆਂ ਦੀ ਰਾਜਨੀਤੀ ਖ਼ਤਮ ਕਰ ਦਿੱਤੀ ਹੈ। ਇਥੇ ਹੀ ਬਸ ਨਹੀਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਪ੍ਰੇਮੀ-ਪ੍ਰੇਮਿਕਾ ਵਾਲੇ ਰਿਸ਼ਤੇ ਦਾ ਨਾਂ ਤੱਕ ਦੇ ਦਿੱਤਾ।