ਲੁਧਿਆਣਾ : ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਦੀ ਟੀਮ ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ 2 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 1 ਕਿਲੋਂ ਅਫੀਮ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਨਦੀਮ ਖਾਨ ਉਰਫ ਲਾਲਾ ਅਤੇ ਸਲੀਮ ਖਾਨ ਉਰਫ ਗੱਬੂ ਵਜੋਂ ਕੀਤੀ ਹੈ।
ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰ. 6 ਅਤੇ 7 ’ਤੇ ਅਪਰਾਧਿਕ ਕਿਸਮ ਦੇ ਲੋਕਾਂ ਦੀ ਭਾਲ ’ਚ ਚੈਕਿੰਗ ਕਰ ਰਹੀ ਸੀ ਤਾਂ ਉਕਤ ਦੋਵੇਂ ਮੁਲਜ਼ਮ ਪਲੇਟਫਾਰਮ ਦੇ ਪੂਰਬੀ ਸਿਰੇ ਦੇ ਵੱਲ ਜਾ ਰਹੇ ਸਨ, ਪੁਲਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਇਕਦਮ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਟੀਮ ਨੇ ਮੁਲਜ਼ਮਾਂ ਨੂੰ ਫੜ ਲਿਆ।
ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮਾਂ ਕੋਲੋਂ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮਾਂ ਨੂੰ ਕੋਰਟ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਅਫੀਮ ਦੀ ਖੇਪ ਕਿਥੋਂ ਲੈ ਕੇ ਆਏ ਸਨ ਅਤੇ ਮੁਲਜ਼ਮਾਂ ਨੇ ਕਿਸ ਇਲਾਕੇ ’ਚ ਨਸ਼ਾ ਸਮੱਗਲਰ ਨੂੰ ਦੇਣੀ ਸੀ। ਮੁਲਜ਼ਮਾਂ ਨੇ ਦੱਸਿਆ ਕਿ ਇਸ ਖੇਪ ਨੂੰ ਪਹੁੰਚਾਉਣ ਬਦਲੇ ’ਚ ਉਨ੍ਹਾਂ ਨੂੰ 10-10 ਹਜ਼ਾਰ ਮਿਲਣੇ ਸੀ। ਪੁਲਸ ਮੁਲਜ਼ਮਾਂ ਨਾਲ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।