ਜੰਮੂ : ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਹੋਣ ਕਾਰਨ ਜੰਮੂ ਕੋਲ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਤੀਰਥ ਯਾਤਰੀਆਂ ਲਈ ਸੰਚਾਲਿਤ ਹੈਲੀਕਾਪਟਰ ਸੇਵਾ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਬੰਦ ਰਹੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਦੇ ਇਛੁੱਕ ਸ਼ਰਧਾਲੂ ਜੰਮੂ ਕੋਲ ਕਟੜਾ ਕਸਬੇ ਤੋਂ ਸਾਂਝੀ ਛੱਤ ਤੱਕ ਹੈਲੀਕਾਪਟਰ ਰਾਹੀਂ ਸਫ਼ਰ ਕਰਦੇ ਹਨ। ਇਕ ਅਧਿਕਾਰੀ ਨੇ ਦੱਸਿਆ,''ਰਿਆਸੀ ਜ਼ਿਲ੍ਹੇ ਦੇ ਇਸ ਤੀਰਥ ਸਥਾਨ 'ਚ ਮੌਸਮ ਖ਼ਰਾਬ ਅਤੇ ਸੰਘਣੀ ਧੁੰਦ ਹੋਣ ਕਾਰਨ ਕਟੜਾ ਤੋਂ ਸਾਂਝੀ ਛੱਤ ਤੱਕ ਦੀ ਹੈਲੀਕਾਪਟਰ ਸੇਵਾ ਤੀਜੇ ਦਿਨ ਵੀ ਮੁਲਤਵੀ ਰਹੀ।''
ਉਨ੍ਹਾਂ ਕਿਹਾ ਕਿ ਤੀਰਥ ਯਾਤਰੀ ਪੈਦਲ ਅਤੇ ਪਿੱਠੂ, ਪਾਲਕੀ ਸੇਵਾਵਾਂ ਰਾਹੀਂ ਭਵਨ ਤੱਕ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮੌਸਮ 'ਚ ਸੁਧਾਰ ਹੋਣ ਤੋਂ ਬਾਅਦ ਹੀ ਹੈਲੀਕਾਪਟਰ ਸੇਵਾ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਤੀਰਥ ਯਾਤਰੀਆਂ ਦਾ ਮਾਰਗਦਰਸ਼ਨ ਕਰਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਮਦਦ ਪ੍ਰਦਾਨ ਕਰਨ ਲਈ ਸ਼ਰਾਇਨ ਬੋਰਡ ਦੇ ਕਰਮਚਾਰੀਆਂ ਨੂੰ ਵੀ ਮਾਰਗ 'ਤੇ ਤਾਇਨਾਤ ਕੀਤਾ ਗਿਆ ਹੈ। ਮੌਜੂਦਾ ਸਮੇਂ 12 ਹਜ਼ਾਰ ਤੋਂ 15 ਹਜ਼ਾਰ ਤੀਰਥ ਯਾਤਰੀ ਹਰ ਦਿਨ ਕਟੜਾ ਬੇਸ ਕੈਂਪ 'ਚ ਭਵਨ ਤੱਕ ਪਹੁੰਚਣ ਅਤੇ ਪਵਿੱਤਰ ਮੰਦਰ 'ਚ ਪੂਜਾ ਕਰਨ ਲਈ ਪਹੁੰਚ ਰਹੇ ਹਨ।