ਹਰਿਦੁਆਰ : ਕਾਂਵੜ ਯਾਤਰਾ ਮਾਰਗ 'ਤੇ ਖਾਣ-ਪੀਣ ਦੀਆਂ ਦੁਕਾਨਾਂ 'ਤੇ ਆਪਣਾ ਨਾਮ ਦਿਖਾਉਣ ਦਾ ਸਮਰਥਨ ਕਰਦੇ ਹੋਏ ਯੋਗ ਗੁਰੂ ਬਾਬਾ ਸਵਾਮੀ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਆਪਣੀ ਪਛਾਣ ਲੁਕਾ ਕੇ ਕਾਰੋਬਾਰ ਕਰਨਾ ਹਰ ਨਜ਼ਰੀਏ ਤੋਂ ਗਲਤ ਹੈ। ਰਾਮਦੇਵ ਨੇ ਇੱਥੇ ਕਿਹਾ ਕਿ ਉਨ੍ਹਾਂ ਨੂੰ ਹਿੰਦੂ ਅਤੇ ਸਨਾਤਨ ਹੋਣ 'ਤੇ ਮਾਣ ਹੈ, ਉਸੇ ਤਰ੍ਹਾਂ ਮੁਸਲਮਾਨਾਂ ਨੂੰ ਵੀ ਮੁਸਲਮਾਨ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਪੁੱਛਿਆ,"ਕੀ ਕਾਰਨ ਹੈ ਕਿ ਮੁਸਲਮਾਨ ਆਪਣੇ ਨਾਮ ਲੁਕਾ ਕੇ ਕਾਂਵੜ ਯਾਤਰਾ 'ਚ ਕਾਰੋਬਾਰ ਕਰ ਰਹੇ ਹਨ? ਆਪਣੀ ਪਛਾਣ ਲੁਕਾਉਣਾ ਨੈਤਿਕ ਅਤੇ ਧਾਰਮਿਕ ਹਰ ਨਜ਼ਰੀਏ ਤੋਂ ਗਲਤ ਹੈ।" ਰਾਮਦੇਵ ਨੇ ਕਿਹਾ ਕਿ ਇਹ ਗਾਹਕ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਦੀ ਦੁਕਾਨ 'ਤੇ ਜਾਵੇ।
ਉਨ੍ਹਾਂ ਕਿਹਾ, "ਜਿਵੇਂ ਮੈਨੂੰ ਹਿੰਦੂ ਅਤੇ ਸਨਾਤਨ ਹੋਣ 'ਤੇ ਮਾਣ ਹੈ, ਉਸੇ ਤਰ੍ਹਾਂ ਮੁਸਲਮਾਨਾਂ ਨੂੰ ਵੀ ਮੁਸਲਮਾਨ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ।" ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੇ (ਮੁਸਲਮਾਨਾਂ ਦੇ) ਪੂਰਵਜ ਵੀ ਹਿੰਦੂ ਸਨ। ਯੋਗ ਗੁਰੂ ਨੇ ਮਹਾਰਾਸ਼ਟਰ 'ਚ ਹਿੰਦੀ ਬੋਲਣ ਵਾਲਿਆਂ ਦੀ ਕੁੱਟਮਾਰ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਸ਼ਟਰੀ ਭਾਸ਼ਾ ਦੇ ਨਾਲ-ਨਾਲ ਮਰਾਠੀ ਅਤੇ ਹੋਰ ਭਾਸ਼ਾਵਾਂ ਦਾ ਵੀ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਪਰ ਹਿੰਦੂਆਂ ਨੂੰ ਭਾਸ਼ਾ, ਜਾਤ, ਵਰਗ, ਸੰਪਰਦਾ ਅਤੇ ਲਿੰਗ ਦੇ ਆਧਾਰ 'ਤੇ ਆਪਸ 'ਚ ਨਹੀਂ ਲੜਨਾ ਚਾਹੀਦਾ। ਉਨ੍ਹਾਂ ਕਿਹਾ, "ਇਹ ਸਨਾਤਨ, ਰਾਸ਼ਟਰੀ ਅਖੰਡਤਾ ਅਤੇ ਏਕਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ।"