ਜੰਮੂ : ਦੱਖਣੀ ਕਸ਼ਮੀਰ ਹਿਮਾਲਿਆਂ 'ਚ ਸਥਿਤ ਅਮਰਨਾਥ ਗੁਫ਼ਾ ਮੰਦਰ ਦੇ ਦਰਸ਼ਨ ਲਈ ਭਾਰੀ ਮੀਂਹ ਵਿਚਾਲੇ ਐਤਵਾਰ ਤੜਕੇ 7,200 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜੱਥਾ ਇੱਥੇ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 3 ਜੁਲਾਈ ਤੋਂ ਸ਼ੁਰੂ ਹੋਈ 38 ਦਿਨਾ ਸਾਲਾਨਾ ਤੀਰਥ ਯਾਤਰਾ 'ਚ ਹੁਣ ਤੱਕ 50 ਹਜ਼ਾਰ ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦਾ 5ਵਾਂ ਜੱਥਾ ਸਖ਼ਤ ਸੁਰੱਖਿਆ ਵਿਵਸਥਾ ਵਿਚਾਲੇ 'ਬਮ-ਬਮ ਭੋਲੇ' ਦੇ ਜੈਕਾਰੇ ਲਗਾਉਂਦਾ ਹੋਇਆ ਭਗਵਤੀ ਨਗਰ ਬੇਸ ਕੈਂਪ ਤੋਂ 2 ਕਾਫ਼ਲਿਆਂ 'ਚ ਤੜਕੇ 3.35 ਵਜੇ ਤੋਂ 4.15 ਵਜੇ ਵਿਚਾਲੇ ਰਵਾਨਾ ਹੋਇਆ। ਇਸ 'ਚ 1,587 ਔਰਤਾਂ ਅਤੇ 30 ਬੱਚੇ ਸ਼ਾਮਲ ਸਨ। ਇਹ ਬੁੱਧਵਾਰ ਦੇ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਜੱਥਾ ਹੈ। ਹੁਣ ਤੱਕ ਜੰਮੂ ਤੋਂ ਕੁੱਲ 31,736 ਸ਼ਰਧਾਲੂ ਘਾਟੀ ਲਈ ਰਵਾਨਾ ਹੋ ਚੁੱਕੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 147 ਗੱਡੀਆਂ ਦਾ ਪਹਿਲਾ ਕਾਫ਼ਲਾ 3,199 ਸ਼ਰਧਾਲੂਆਂ ਨੂੰ ਲੈ ਕੇ ਬਾਲਟਾਲ ਮਾਰਗ ਤੋਂ ਰਵਾਨਾ ਹੋਇਆ, ਜਦੋਂ ਕਿ 160 ਵਾਹਨਾਂ ਦਾ ਦੂਜਾ ਕਾਫ਼ਲਾ 4,009 ਸ਼ਰਧਾਲੂਆਂ ਨੂੰ ਲੈ ਕੇ ਰਵਾਇਤੀ ਪਹਿਲਗਾਮ ਮਾਰਗ ਤੋਂ ਨਿਕਲਿਆ। ਰਾਤ ਭਰ ਪਏ ਮੀਂਹ ਦਾ ਬਾਵਜੂਦ ਸ਼ਰਧਾਲੂਆਂ 'ਚ ਉਤਸ਼ਾਹ ਦੇਖਿਆ ਗਿਆ। ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਗਵਤੀ ਨਗਰ ਬੇਸ ਕੈਂਪ 'ਚ ਬਹੁ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਅੱਤਵਾਦੀ ਹਮਲੇ 'ਚ 26 ਲੋਕਾਂ ਦੀ ਜਾਨ ਗਈ ਸੀ। ਅਮਰਨਾਥ ਯਾਤਰਾ ਲਈ ਹੁਣ ਤੱਕ ਸਾਢੇ 3 ਲੱਖ ਤੋਂ ਵੱਧ ਸ਼ਰਧਾਲੂ ਆਨਲਾਈਨ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਜੰਮੂ 'ਚ 34 ਰਿਹਾਇਸ਼ੀ ਕੇਂਦਰ ਬਣਾਏ ਗਏ ਹਨ ਅਤੇ ਸ਼ਰਧਾਲੂਆਂ ਨੂੰ ਆਰਐੱਫਆਈਡੀ ਟੈਗ ਦਿੱਤੇ ਜਾ ਰਹੇ ਹਨ। ਮੌਕੇ 'ਤੇ ਹੀ ਰਜਿਸਟਰੇਸ਼ਨ ਲਈ 12 ਕਾਊਂਟਰ ਵੀ ਸਥਾਪਤ ਕੀਤੇ ਗਏ ਹਨ।