ਜਲੰਧਰ : ਬਿਜਲੀ ਚੋਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪਾਵਰਕਾਮ ਨਾਰਥ ਜ਼ੋਨ ਦੇ ਚੀਫ਼ ਇੰਜੀ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਿਜਲੀ ਚੋਰੀ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਵਿਚ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਵਿਚ 1 ਹਜ਼ਾਰ ਤੋਂ ਵੱਧ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਦੇ ਹੋਏ 5 ਲੱਖ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ। ਇੰਜੀ. ਪਰਾਸ਼ਰ ਦੇ ਹੁਕਮਾਂ ’ਤੇ ਡਿਪਟੀ ਚੀਫ਼ ਇੰਜੀ. ਅਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਨੇ ਸਰਕਲ ਦੀਆਂ ਪੰਜਾਂ ਡਿਵੀਜ਼ਨਾਂ ਤਹਿਤ ਕੁੱਲ੍ਹ 25 ਟੀਮਾਂ ਤਾਇਨਾਤ ਕਰਦੇ ਹੋਏ ਮੁਹਿੰਮ ਚਲਾਈ।
ਇਨ੍ਹਾਂ ਟੀਮਾਂ ਵਿਚ ਐਕਸੀਅਨ, ਐੱਸ. ਡੀ. ਓ., ਜੇ. ਈ., ਲਾਈਨਮੈਨ ਸਮੇਤ ਫੀਲਡ ਸਟਾਫ਼ ਮੌਜੂਦ ਰਿਹਾ। ਹਰੇਕ ਟੀਮ ਨੂੰ ਘੱਟੋ-ਘੱਟ 40 ਕੁਨੈਕਸ਼ਨਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਇਸ ਅਚਾਨਕ ਚੈਕਿੰਗ ਤਹਿਤ ਪਾਵਰਕਾਮ ਵੱਲੋਂ ਬਿਜਲੀ ਚੋਰੀ ਦੇ ਹਾਟਸਪਾਟ ਏਰੀਆ ਵਿਚ ਸਵੇਰੇ ਤੜਕਸਾਰ ਰੇਡ ਕੀਤੀ ਗਈ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਮੁਹਿੰਮ ਚਲਾਉਂਦੇ ਹੋਏ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ। ਉਥੇ ਹੀ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਨੂੰ ਲੈ ਕੇ ਵੀ ਕਾਰਵਾਈ ਕੀਤੀ ਗਈ। ਪਹਿਲੀ ਜਾਂਚ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ ਸਰਕਲ ਤਹਿਤ ਕੁੱਲ੍ਹ 1044 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਬਿਜਲੀ ਚੋਰੀ ਦੇ 6 ਕੇਸ ਫੜੇ ਗਏ, ਜਦਕਿ ਓਵਰਲੋਡ ਦੇ 37, ਜਦਕਿ ਬਿਜਲੀ ਦੀ ਗਲਤ ਵਰਤੋਂ ਸਬੰਧੀ 11 ਕੇਸ ਫੜੇ ਗਏ।
ਇਨ੍ਹਾਂ ਕੇਸਾਂ ਨੂੰ ਮਿਲਾ ਕੇ ਕੁੱਲ੍ਹ 54 ਖ਼ਪਤਕਾਰਾਂ ਨੂੰ ਵਿਭਾਗ ਵੱਲੋਂ 5.39 ਲੱਖ ਜੁਰਮਾਨਾ ਕੀਤਾ ਗਿਆ। ਇਸ ਵਿਚ ਸਭ ਤੋਂ ਵੱਧ ਮੀਟਰ ਈਸਟ ਡਿਵੀਜ਼ਨ ਵੱਲੋਂ ਚੈੱਕ ਕੀਤੇ ਗਏ, ਜਦਕਿ ਸਭ ਤੋਂ ਵੱਧ ਜੁਰਮਾਨਾ ਮਾਡਲ ਟਾਊਨ ਡਿਵੀਜ਼ਨ ਵੱਲੋਂ ਕੀਤਾ ਗਿਆ। ਅੰਕੜਿਆਂ ਮੁਤਾਬਕ ਸਭ ਤੋਂ ਵੱਧ ਕੁਨੈਕਸ਼ਨਾਂ ਦੇ ਤੌਰ ’ਤੇ ਈਸਟ ਡਿਵੀਜ਼ਨ ਦੇ ਐਕਸੀਅਨ ਇੰਜੀ. ਜਸਪਾਲ ਦੀ ਅਗਵਾਈ ਵਿਚ 325 ਕੁਨੈਕਸ਼ਨਾਂ ਦੀ ਜਾਂਚ ਹੋਈ, ਜਿਸ ਵਿਚ ਬਿਜਲੀ ਚੋਰੀ ਦੇ 2 ਕੇਸ ਮਿਲਾ ਕੇ ਕੁੱਲ੍ਹ 3 ਕੇਸ ਫੜੇ ਗਏ ਅਤੇ 1.28 ਲੱਖ ਜੁਰਮਾਨਾ ਕੀਤਾ ਗਿਆ। ਵੈਸਟ ਡਿਵੀਜ਼ਨ ਦੇ ਐਕਸੀਅਨ ਸੰਨੀ ਭਾਂਗਰਾ ਦੀ ਅਗਵਾਈ ਵਿਚ 151 ਕੁਨੈਕਸ਼ਨਾਂ ਦੀ ਜਾਂਚ ਕਰਦੇ ਹੋਏ ਯੂ. ਈ. ਦੇ 25 ਕੁਨੈਕਸ਼ਨ ਫੜੇ ਗਏ।
ਮਾਡਲ ਟਾਊਨ ਡਿਵੀਜ਼ਨ ਦੇ ਐਕਸੀਅਨ ਜਸਪਾਲ ਸਿੰਘ ਪਾਲ ਵੱਲੋਂ 198 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਸਭ ਤੋਂ ਵੱਧ 2.93 ਲੱਖ ਜੁਰਮਾਨਾ ਕੀਤਾ ਗਿਆ। ਇਸ ਵਿਚ ਸਿੱਧੀ ਚੋਰੀ ਦੇ 4, ਜਦਕਿ ਘਰੇਲੂ ਦੀ ਕਮਰਸ਼ੀਅਲ ਵਰਤੋਂ ਕਰਨ ਦੇ 8 ਕੇਸ ਸ਼ਾਮਲ ਹਨ। ਇਸੇ ਤਰ੍ਹਾਂ ਨਾਲ ਕੈਂਟ ਵੱਲੋਂ 185 ਕੁਨੈਕਸ਼ਨਾਂ ਦੀ, ਜਦਕਿ ਫਗਵਾੜਾ ਵੱਲੋਂ 185 ਕੁਨੈਕਸ਼ਨਾਂ ਦੀ ਜਾਂਚ ਕਰਵਾਈ ਗਈ।
ਹਾਟਸਪਾਟ ’ਤੇ ਫੋਕਸ ਕਰਨ ਦੀਆਂ ਹਦਾਇਤਾਂ : ਚੀਫ਼ ਪਰਾਸ਼ਰ
ਨਾਰਥ ਜ਼ੋਨ ਦੇ ਚੀਫ਼ ਇੰਜੀ. ਰਾਜੀਵ ਪਰਾਸ਼ਰ ਨੇ ਕਿਹਾ ਕਿ ਬਿਜਲੀ ਚੋਰੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰੇਕ ਸਰਕਲ ਤਹਿਤ ਰੁਟੀਨ ਵਿਚ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਬਿਜਲੀ ਚੋਰੀ ਦੇ ਹਾਟਸਪਾਟ ’ਤੇ ਫੋਕਸ ਕਰਨ ਨੂੰ ਕਿਹਾ ਜਾ ਰਿਹਾ ਹੈ।