ਢਾਕਾ : ਢਾਕਾ ਦੇ ਗ਼ਰੀਬ ਇਲਾਕਿਆਂ ਦੀ ਰਿਕਾਰਡਿੰਗ ਕਰ ਕੇ ਉਨ੍ਹਾਂ ਨੂੰ ਭਾਰਤੀ ਦ੍ਰਿਸ਼ ਦੱਸ ਕੇ ਪੇਸ਼ ਕਰਨ ਦੇ ਦੋਸ਼ੀ ਚੀਨੀ ਨਾਗਰਿਕਾਂ ਵਿਰੁੱਧ ਬੰਗਲਾਦੇਸ਼ ਵੱਲੋਂ ਨਿਗਰਾਨੀ ਵਧਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸੰਭਵ ਤੌਰ ’ਤੇ ਘਟਾ ਦਿੱਤੀਆਂ ਹਨ। ਭਾਰਤ ਨੇ ਬੰਗਲਾਦੇਸ਼ ਕੋਲ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਕਿ ਉਸ ਨੂੰ ਬਦਨਾਮ ਕਰਨ ਲਈ ਬੰਗਲਾਦੇਸ਼ ਦੀ ਜ਼ਮੀਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਨਿਗਰਾਨੀ ਵਧਾ ਦਿੱਤੀ ਅਤੇ ਹੁਣ ਦੋਸ਼ੀ ਚੀਨੀ ਨਾਗਰਿਕਾਂ ਦੀਆਂ ਗਤੀਵਿਧੀਆਂ ’ਚ ਕਮੀ ਆਈ ਹੈ। ‘ਪ੍ਰੋਥੋਮ ਆਲੋ’ ਅਖ਼ਬਾਰ ਦੀ ਵੀਰਵਾਰ ਦੀ ਰਿਪੋਰਟ ਮੁਤਾਬਕ ਉੱਤਰਾ ਪੱਛਮੀ ਦੇ ਥਾਣਾ ਇੰਚਾਰਜ ਅਧਿਕਾਰੀ ਮੁਹੰਮਦ ਖਾਲਿਦ ਮਨਸੂਰ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਦਖ਼ਲ ਤੋਂ ਬਾਅਦ ਚੀਨੀ ਬਲੌਗਰਾਂ ਦੀਆਂ ਗਤੀਵਿਧੀਆਂ ਘਟ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਨੇ ਇਨ੍ਹਾਂ ਚੀਨੀ ਨਾਗਰਿਕਾਂ ’ਤੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਬੰਗਲਾਦੇਸ਼ੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਲੱਗਭਗ 150 ਚੀਨੀ ਨਾਗਰਿਕ ਢਾਕਾ ਦੇ ਟੇਕਪਾਰਾ ਅਤੇ ਉੱਤਰਾ ਇਲਾਕਿਆਂ ’ਚ ਸਰਗਰਮ ਸਨ। ਉਹ ਤੰਗ ਗਲੀਆਂ ਅਤੇ ਘੱਟ ਆਮਦਨ ਵਾਲੇ ਲੋਕਾਂ ਦੀਆਂ ਬਸਤੀਆਂ ਦੀਆਂ ਵੀਡੀਓ ਬਣਾ ਕੇ ਚੀਨੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਸਿੱਧਾ ਪ੍ਰਸਾਰਣ (ਲਾਈਵ ਸਟ੍ਰੀਮਿੰਗ) ਕਰ ਰਹੇ ਸਨ। ਉਹ ਇਨ੍ਹਾਂ ਇਲਾਕਿਆਂ ਨੂੰ ਨਵੀਂ ਦਿੱਲੀ ਦੇ ਇਲਾਕਿਆਂ ਵਜੋਂ ਪੇਸ਼ ਕਰਦੇ ਸਨ ਅਤੇ ਉਥੋਂ ਦੇ ਵਸਨੀਕਾਂ ਦੀ ਜੀਵਨ ਸ਼ੈਲੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਸਨ।