ਨਿਊਜ਼ੀਲੈਂਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੀਵਾਲੀ ਦੀ ਰਾਤ ਨੂੰ ਦੱਖਣੀ ਆਕਲੈਂਡ ਦੇ ਟਾਕਾਨੀਨੀ ਵਿੱਚ ਪੰਜਾਬ ਤੋਂ ਆਏ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਪੰਜਾਬੀ ਨੌਜਵਾਨਾਂ ਦੀ ਕਾਰ 'ਬਰਗਰ ਫਿਊਲ' ਰੈਸਟੋਰੈਂਟ ਵਿੱਚ ਜਾ ਟਕਰਾਈ। ਮ੍ਰਿਤਕਾਂ ਵਿਚ ਦੋ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ। ਇਹ ਹਾਦਸਾ ਐਤਵਾਰ ਰਾਤ ਕਰੀਬ 10:15 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ 'ਗ੍ਰੇਟ ਸਾਊਥ ਰੋਡ' 'ਤੇ ਇੱਕ ਗੋਲ ਚੱਕਰ 'ਤੇ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਉਹ ਸੜਕ ਤੋਂ ਉਤਰ ਗਿਆ ਅਤੇ ਵਾੜ ਨੂੰ ਤੋੜਦਾ ਹੋਇਆ ਰੈਸਟੋਰੈਂਟ ਦੇ ਅੰਦਰ ਜਾ ਵੜਿਆ।
ਟਾਕਾਨੀਨੀ ਪੁਲਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਰੈਸਟੋਰੈਂਟ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ।ਨਿਊਜ਼ੀਲੈਂਡ ਪੁਲਸ ਦੀ 'ਸੀਰੀਅਸ ਕਰੈਸ਼ ਯੂਨਿਟ' ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਡਰਾਈਵਿੰਗ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਸੀ, ਵਾਹਨ ਦੇ ਚੋਰੀ ਹੋਣ ਦੀ ਕੋਈ ਰਿਪੋਰਟ ਨਹੀਂ ਸੀ ਅਤੇ ਹਾਦਸੇ ਸਮੇਂ ਪੁਲਸ ਅਧਿਕਾਰੀ ਇਸ ਵਾਹਨ ਦਾ ਪਿੱਛਾ ਵੀ ਨਹੀਂ ਕਰ ਰਹੇ ਸਨ। ਉਸ ਸਮੇਂ ਰੈਸਟੋਰੈਂਟ ਗਾਹਕਾਂ ਲਈ ਬੰਦ ਸੀ, ਹਾਲਾਂਕਿ ਅੰਦਰ ਕਰਮਚਾਰੀ ਮੌਜੂਦ ਸਨ। ਇਸ ਹਾਦਸੇ ਕਾਰਨ ਰੈਸਟੋਰੈਂਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ; ਮੇਜ਼ ਇੱਧਰ-ਉੱਧਰ ਖਿੱਲਰ ਗਏ ਸਨ ਅਤੇ ਹਰ ਪਾਸੇ ਕੱਚ ਹੀ ਕੱਚ ਖਿੱਲਰਿਆ ਪਿਆ ਸੀ।
ਹਾਦਸੇ ਮਗਰੋਂ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਇਮਾਰਤ ਦੇ ਨਾਲ ਇੱਕ ਕੋਣ 'ਤੇ ਟਿਕਿਆ ਹੋਇਆ ਸੀ। ਗੱਡੀ ਦਾ ਢਾਂਚਾ ਪੂਰੀ ਤਰ੍ਹਾਂ ਪਿਚਕ ਗਿਆ ਸੀ, ਜਦੋਂ ਕਿ ਧਾਤ ਦੀ ਵਾੜ ਦੇ ਕੁਝ ਹਿੱਸੇ ਮੁੜ-ਤੁੜ ਕੇ ਮਲਬੇ ਦੇ ਆਲੇ-ਦੁਆਲੇ ਵਿਛ ਗਏ ਸਨ। ਕੰਪਨੀ ਦੇ ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸਟਾਫ ਦੇ ਕਿਸੇ ਵੀ ਮੈਂਬਰ ਨੂੰ ਸੱਟ ਨਹੀਂ ਲੱਗੀ ਹੈ ਅਤੇ ਕੰਪਨੀ, ਫਰੈਂਚਾਈਜ਼ੀ ਅਤੇ ਕਰਮਚਾਰੀਆਂ ਦੀ ਮਦਦ ਲਈ ਕੰਮ ਕਰ ਰਹੀ ਹੈ।
'ਸੈਂਟਰਲ ਸਿੱਖ ਐਸੋਸੀਏਸ਼ਨ' ਅਤੇ 'ਸੁਪਰੀਮ ਸਿੱਖ ਸੁਸਾਇਟੀ' ਦੇ ਪ੍ਰਧਾਨ ਦਲਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਮਰਨ ਵਾਲੇ ਤਿੰਨੋਂ ਵਿਅਕਤੀ ਭਾਰਤੀ ਮੂਲ ਦੇ ਸਨ ਅਤੇ ਪੰਜਾਬ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਪਰਿਵਾਰ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣਾ ਚਾਹੁੰਦੇ ਹਨ ਅਤੇ ਭਾਈਚਾਰੇ ਦੇ ਨੁਮਾਇੰਦੇ ਇਸ ਪ੍ਰਬੰਧ ਵਿੱਚ ਮਦਦ ਕਰਨ ਲਈ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਦਲਜੀਤ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ, "ਪਰਿਵਾਰ ਦੀ ਇੱਛਾ ਅਨੁਸਾਰ ਤਿੰਨੋਂ ਮ੍ਰਿਤਕ ਦੇਹਾਂ ਭਾਰਤ ਭੇਜੀਆਂ ਜਾਣਗੀਆਂ ਅਤੇ ਅਸੀਂ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹਾਂ।" ਉਨ੍ਹਾਂ ਕਿਹਾ, " ਫਿਲਹਾਲ ਅਸੀਂ ਇਸ ਸਮੇਂ ਉਨ੍ਹਾਂ ਬਾਰੇ ਕੋਈ ਖਾਸ ਵੇਰਵੇ ਜਾਂ ਜਾਣਕਾਰੀ ਨਹੀਂ ਦੇ ਸਕਦੇ।