ਢਾਕਾ : ਬੰਗਲਾਦੇਸ਼ ਵਿੱਚ ਹਿੰਸਾ ਦੀ ਇੱਕ ਨਵੀਂ ਲਹਿਰ ਦੌਰਾਨ 100 ਤੋਂ ਵੱਧ ਦੇਸੀ ਬੰਬ ਧਮਾਕੇ, ਗੱਡੀਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਅਤੇ ਹਿੰਸਕ ਪ੍ਰਦਰਸ਼ਨ ਹੋਏ ਹਨ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਸ ਅਨੁਸਾਰ ਰਾਤ ਭਰ ਦੀ ਨਾਕੇਬੰਦੀ ਦੌਰਾਨ ਸ਼ਰੀਅਤਪੁਰ ਜ਼ਿਲ੍ਹੇ ਵਿੱਚ ਪਦਮਾ ਬ੍ਰਿਜ ਟੋਲ ਪਲਾਜ਼ਾ ਨੇੜੇ 100 ਤੋਂ ਵੱਧ ਧਮਾਕੇ ਹੋਏ। ਇਸ ਨਾਲ ਟੋਲ ਵਸੂਲੀ ਪ੍ਰਭਾਵਿਤ ਹੋਈ, ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਗੱਡੀਆਂ ਦੀ ਭੰਨਤੋੜ ਕੀਤੀ ਗਈ।
ਮੰਗਲਵਾਰ ਨੂੰ ਫਰੀਦਪੁਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਖੜ੍ਹੀ ਬੱਸ ਨੂੰ ਅੱਗ ਲਗਾ ਦਿੱਤੀ। ਬੱਸ ਦੇ ਅੰਦਰ ਸੁੱਤਾ 55 ਸਾਲਾ ਡਰਾਈਵਰ ਮੁਹੰਮਦ ਕਾਲਾਚੰਦ ਸ਼ੇਖ ਅੰਦਰ ਹੀ ਫਸ ਗਿਆ ਅਤੇ ਧੂੰਏਂ ਕਾਰਨ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਫਰੀਦਪੁਰ ਕੋਤਵਾਲੀ ਪੁਲਸ ਸਟੇਸ਼ਨ ਦੇ ਥਾਣਾ ਮੁਖੀ ਮਹਿਮੂਦੁਲ ਹਸਨ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਹਮਲੇ ਦੀ ਜਾਂਚ ਜਾਰੀ ਹੈ।
ਹਿੰਸਾ ਢਾਕਾ, ਸ਼ਰੀਅਤਪੁਰ, ਗੋਪਾਲਗੰਜ, ਚਿਟਾਗੌਂਗ ਅਤੇ ਮਾਨਿਕਗੰਜ ਸਮੇਤ ਕਈ ਜ਼ਿਲ੍ਹਿਆਂ ਵਿੱਚ ਫੈਲ ਗਈ। ਪੁਲਸ ਹੈੱਡਕੁਆਰਟਰ ਅਨੁਸਾਰ ਮੰਗਲਵਾਰ ਸਵੇਰ ਤੱਕ ਦੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 22 ਗੱਡੀਆਂ ਨੂੰ ਅੱਗ ਲਗਾਈ ਗਈ। ਮੰਗਲਵਾਰ ਸਵੇਰ ਤੋਂ ਸ਼ਾਮ ਦਰਮਿਆਨ ਹੀ ਘੱਟੋ-ਘੱਟ 8 ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਹ ਘਟਨਾਵਾਂ ਸਰਕਾਰੀ ਅਦਾਰਿਆਂ, ਵਿਦਿਅਕ ਸੰਸਥਾਵਾਂ, ਪੁਲਿਸ ਟਿਕਾਣਿਆਂ ਅਤੇ ਪਬਲਿਕ ਟ੍ਰਾਂਸਪੋਰਟ 'ਤੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਹਮਲਿਆਂ ਦੀ ਲੜੀ ਅਧੀਨ ਹੋਈਆਂ ਹਨ, ਜਿਸ ਤੋਂ ਬਾਅਦ ਸੁਰੱਖਿਆ ਅਤੇ ਖੁਫ਼ੀਆ ਆਪ੍ਰੇਸ਼ਨਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਰਾਜਧਾਨੀ ਢਾਕਾ ਵਿੱਚ ਢਾਕਾ ਯੂਨੀਵਰਸਿਟੀ ਦੇ ਟੀਚਰ-ਸਟੂਡੈਂਟ ਸੈਂਟਰ (TSC) ਨੇੜੇ ਅਤੇ ਜ਼ਿਲ੍ਹਾ ਜੱਜ ਅਦਾਲਤ ਤੋਂ ਬਾਹਰ ਦੇਸੀ ਬੰਬ ਧਮਾਕੇ ਹੋਏ, ਜਿੱਥੇ ਪੁਲਸ ਨੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੀਰਪੁਰ ਸਥਿਤ ਗਵਰਨਮੈਂਟ ਬੰਗਲਾ ਕਾਲਜ ਦੇ ਮੁੱਖ ਗੇਟ 'ਤੇ ਸੋਮਵਾਰ ਸ਼ਾਮ ਬੰਬ ਧਮਾਕਾ ਹੋਇਆ ਅਤੇ ਨਾਲ ਲੱਗਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ।ਇਸ ਤੋਂ ਇਲਾਵਾ ਪੱਲਬੀ ਵਿੱਚ ਬੱਸ, ਪੋਸਟਗੋਲਾ ਬ੍ਰਿਜ 'ਤੇ ਗੈਸ ਸਿਲੰਡਰਾਂ ਵਾਲੀ ਵੈਨ ਅਤੇ ਸ਼ਿਆਮਪੁਰ, ਸ਼ਾਂਤੋ-ਮਰੀਅਮ ਯੂਨੀਵਰਸਿਟੀ, ਵਰਲਡ ਯੂਨੀਵਰਸਿਟੀ ਤੇ ਸਾਊਥਈਸਟ ਯੂਨੀਵਰਸਿਟੀ ਨੇੜੇ ਵੀ ਧਮਾਕੇ ਦਰਜ ਕੀਤੇ ਗਏ। ਤੇਜਗਾਓਂ ਪੁਲਸ ਸਟੇਸ਼ਨ ਦੇ ਥਾਣਾ ਮੁਖੀ ਮੋਨੀਰੁੱਜ਼ਮਾਨ ਨੇ ਦੱਸਿਆ ਕਿ ਪੁਲਸ ਮੌਕੇ 'ਤੇ ਪਹੁੰਚ ਕੇ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕਾਰਵਾਈ ਕਰ ਰਹੀ ਹੈ।