ਫੁਜੈਰਾਹ : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਫੁਜੈਰਾਹ ਅਮੀਰਾਤ ਵਿਚ ਸ਼ੇਖ ਖਲੀਫਾ ਬਿਨ ਜ਼ਾਇਦ ਸਟਰੀਟ 'ਤੇ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਇਕ ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਯੂਏਈ ਦੇ ਗ੍ਰਹਿ ਮੰਤਰਾਲੇ ਦੇ ਅਨੁਸਾਰ ਇਸ ਭਿਆਨਕ ਹਾਦਸੇ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਨੂੰ ਅੱਗ ਲੱਗ ਗਈ, ਜਿਸ ਨੇ ਹੋਰ ਵਾਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਗਿਆ।
ਵੀਰਵਾਰ ਨੂੰ ਐਕਸ 'ਤੇ ਜਾਰੀ ਇਕ ਬਿਆਨ ਵਿਚ ਮੰਤਰਾਲੇ ਦੇ ਦੱਸਿਆ ਕਿ ਇਹ ਹਾਦਸਾ ਫੁਜੈਰਾਹ ਦੇ ਪ੍ਰਵੇਸ਼ ਦੁਆਰ ਨੇੜੇ ਕਰੀਬ ਅੱਧੀ ਰਾਤ ਨੂੰ ਵਾਪਰਿਆ ਹੈ। ਇੱਥੇ ਇਕ ਟਰੱਕ ਡਰਾਈਵਰ ਨੇ ਗੱਡੀ ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰੱਕ ਦੂਜੇ ਵਾਹਨ ਨਾਲ ਟਕਰਾਉਂਦੇ ਹੋਏ ਪਲਟ ਗਿਆ। ਇਸ ਨਾਲ ਇਸ ਵਾਹਨ ਨੇ ਹੋਰ ਵੀ ਕਈ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ। ਫੁਜੈਰਾਹ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਟੱਕਰ ਕਾਰਨ ਟਰੱਕ ਨੂੰ ਅੱਗ ਲੱਗ ਗਈ, ਜੋ ਹੋਰ ਵਾਹਨਾਂ ਤੱਕ ਫੈਲ ਗਈ।
ਇਸ ਹਾਦਸੇ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਦੇ ਸਾਰ ਹੀ ਪੁਲਸ ਦੀਆਂ ਵਿਸ਼ੇਸ਼ ਟੀਮਾਂ, ਐਂਬੂਲੈਂਸਾਂ, ਬਚਾਅ ਟੀਮਾਂ ਅਤੇ ਸਿਵਲ ਡਿਫੈਂਸ ਕਰਮਚਾਰੀ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ। ਟੀਮਾਂ ਵਲੋਂ ਅੱਗ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਜ਼ਖਮੀ ਹੋਏ ਲੋਕਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਉਣ ਦਾ ਕੰਮ ਕੀਤਾ ਗਿਆ।