ਬੇਗੋਵਾਲ : ਹਲਕਾ ਭੁਲੱਥ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 13 ਨਵੰਬਰ ਨੂੰ ਬੇਗੋਵਾਲ ਵਿਖੇ ਬੀਬੀ ਜਗੀਰ ਕੌਰ ਦੇ ਗ੍ਰਹਿ ਵਿਖੇ ਪਹੁੰਚਣਗੇ। ਜਿੱਥੇ ਉਹ ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਿਲ ਕਰਨਗੇ।
ਜਾਣਕਾਰੀ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ 13 ਨਵੰਬਰ ਨੂੰ ਬਾਅਦ ਦੁਪਹਿਰ ਬੇਗੋਵਾਲ ਵਿਖੇ ਪਹੁੰਚਣਗੇ। ਜਿੱਥੇ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਤੋਂ ਬਾਅਦ ਹਲਕਾ ਭੁਲੱਥ ਦੀ ਸਿਆਸਤ ਵਿੱਚ ਵੱਡਾ ਹੁਲਾਰਾ ਆਵੇਗਾ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਹੋਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਇਕ ਇੰਟਰਵਿਊ ਦੌਰਾਨ ਆਖ਼ਿਆ ਸੀ ਕਿ ਅਸੀਂ ਪੁਨਰ ਸੁਰਜੀਤ ਅਕਾਲੀ ਦਲ ਜਿਸ ਮਕਸਦ ਨੂੰ ਲੈ ਕੇ ਸ਼ੁਰੂ ਕੀਤਾ ਸੀ, ਉਸ ਮਿਸ਼ਨ ਨੂੰ ਅਸੀਂ ਪੂਰਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਅੱਜ ਸਾਰੇ ਮਹਿਸੂਸ ਕਰਦੇ ਹਨ ਕਿ ਸਾਡੀ ਮਾਂ ਪਾਰਟੀ 106 ਸਾਲ ਪੁਰਾਣੀ ਪਾਰਟੀ ਹੈ, ਜਿਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਅਸੀਂ ਪੁਨਰ ਸੁਰਜੀਤ ਅਕਾਲੀ ਦਲ ਨੂੰ ਰਜਿਸਟਰਡ ਹੀ ਨਹੀਂ ਕਰਵਾ ਸਕੇ। ਇਸ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪ ਕਦੇ ਅਕਾਲੀ ਦਲ ਨਹੀਂ ਛੱਡਿਆ ਅਤੇ ਜਦੋਂ ਉਹ ਸੁਖਬੀਰ ਸਿੰਘ ਬਾਦਲ ਨਾਲ ਬੈਠ ਕੇ ਸੰਵਾਦ ਕਰਨਗੇ ਤਾਂ ਸੰਭਵ ਹੈ ਕਿ ਮਤਭੇਦ ਦੂਰ ਹੋ ਜਾਣ।
ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਸਾਡਾ ਮਕਸਦ ਇਸ ਵੇਲੇ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਜੇਕਰ ਅਸੀਂ ਦੂਰੀਆਂ ਬਣਾ ਕੇ ਬੈਠ ਗਏ ਤਾਂ ਹੋ ਸਕਦਾ ਹੈ ਮਤਭੇਦ ਦੂਰ ਨਾ ਹੋ ਸਕਣ। ਉੱਥੇ ਹੀ ਉਨ੍ਹਾਂ ਭਾਜਪਾ ਨਾਲ ਗਠਜੋੜ ਦੀ ਬਾਰੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ 6-7 ਅਫ਼ਸਰਾਂ ਦੀ ਡਿਊਟੀ ਵੱਖ-ਵੱਖ ਸਕੀਮਾਂ ਤਹਿਤ ਕੇਂਦਰ ਤੋਂ ਫੰਡ ਲਿਆਉਣ ਵਾਸਤੇ ਲਗਾ ਕੇ ਰੱਖਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਗਠਜੋੜ ਹੋਵੇਗਾ ਤਾਂ ਸਰਕਾਰ ਮਜ਼ਬੂਤੀ ਨਾਲ ਬਣ ਸਕਦੀ ਹੈ।