ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ 6 ਨਵੰਬਰ ਨੂੰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੀ ਟੀਮ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਲਈ ਪਟਿਆਲਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਰਹੇ ਹਨ। ਦੱਸਣਯੋਗ ਹੈ ਕਿ ਸਾਬਕਾ ਮੰਤਰੀ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰ ਲਿਆ ਸੀ। ਚੰਦੂਮਾਜਰਾ ਨੇ ਕਿਹਾ ਸੀ ਕਿ ਮੇਰੇ ਵੱਲੋਂ ਪਿਛਲੇ ਦਿਨੀਂ ਪੰਥਕ ਏਕਤਾ ਲਈ ਇਕ ਮੰਚ 'ਤੇ ਇਕੱਠੇ ਹੋਣ ਦੀ ਕੀਤੀ ਅਪੀਲ 'ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਨਤਕ ਤੌਰ ’ਤੇ ਦਿੱਤੇ ਪ੍ਰਤੀਕਰਮ ਤੋਂ ਮਹਿਸੂਸ ਹੋਇਆ ਹੈ ਕਿ ਉਨ੍ਹਾਂ ਨਾਲ ਸਾਡੀ ਸੋਚ, ਵਿਚਾਰ ਅਤੇ ਕਾਰਜਸ਼ੈਲੀ ਆਪਸੀ ਤੌਰ ’ਤੇ ਮੇਲ ਨਹੀਂ ਖਾਂਦੀ। ਇਸ ਲਈ ਮੇਰੇ ਵੱਲੋਂ ਆਪਣੇ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਨਾਂ ਤੋਂ ਬੇਲੋੜਾ ਭਾਰ ਉਤਾਰਦਿਆਂ ਪੁਨਰ ਸੁਰਜੀਤ ਅਕਾਲੀ ਦਲ ਜਥੇਬੰਦੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਥ, ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੀ ਵਚਨਬੱਧਤਾ ਪਹਿਲਾਂ ਵਾਂਗ ਹੀ ਕਾਇਮ ਰਹੇਗੀ।
ਪ੍ਰੇਮ ਸਿੰਘ ਚੰਦੂਮਾਜਰਾ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਸਮਰਥਕਾਂ ਸਮੇਤ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਵੀਰਵਾਰ ਨੂੰ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਸਨੌਰ ਦੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਸਮੂਹਿਕ ਤੌਰ 'ਤੇ ਪਾਰਟੀ ਤੋਂ ਵੱਖ ਹੋਣ ਦਾ ਐਲਾਨ ਕੀਤਾ। ਹੁਣ ਦੋਵੇਂ ਆਗੂ ਭਲਕੇ ਮਾਂ ਪਾਰਟੀ ਵਿਚ ਵਾਪਸੀ ਕਰਨ ਜਾ ਰਹੇ ਹਨ।