ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ (ਡੀ.ਆਈ.ਓ.) ਡਾ. ਹਰਪਿੰਦਰ ਸਿੰਘ ਨੇ ਟੀਕਾਕਰਨ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਬੁੱਧਵਾਰ ਨੂੰ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ।
ਡਾ. ਹਰਪਿੰਦਰ ਸਿੰਘ ਨੇ ਮਮਤਾ ਦਿਵਸ ਦੌਰਾਨ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ। ਉਨ੍ਹਾਂ ਟੀਕਾਕਰਨ ਪ੍ਰਬੰਧ, ਕੋਲਡ ਚੇਨ, ਰਿਕਾਰਡ ਦੀ ਸੰਭਾਲ ਅਤੇ ਲਾਭਪਾਤਰੀਆਂ ਲਈ ਸਹੂਲਤਾਂ ਨੂੰ ਵੀ ਦੇਖਿਆ।
ਇਸ ਉਪਰੰਤ ਡੀ.ਆਈ.ਓ. ਨੇ ਆਮ ਆਦਮੀ ਕਲੀਨਿਕਾਂ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ, ਦਵਾਈਆਂ ਦੀ ਉਪਲੱਬਧਤਾ, ਸਫ਼ਾਈ ਪ੍ਰਬੰਧਾਂ ਅਤੇ ਸਟਾਫ਼ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕੀਤੀ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਕਲੀਨਿਕ ਵਿੱਚ ਆਉਣ ਵਾਲੇ ਹਰ ਮਰੀਜ਼ ਨਾਲ ਨਿਮਰਤਾ ਨਾਲ ਪੇਸ਼ ਆਇਆ ਜਾਵੇ ਅਤੇ ਸਮੇਂ ਸਿਰ ਮਿਆਰੀ ਇਲਾਜ ਯਕੀਨੀ ਬਣਾਇਆ ਜਾਵੇ। ਡਾ. ਹਰਪਿੰਦਰ ਸਿੰਘ ਨੇ ਕਿਹਾ, "ਮਾਂ ਅਤੇ ਬੱਚੇ ਦੀ ਸਿਹਤ ਸਾਡੀ ਪਹਿਲੀ ਤਰਜੀਹ ਹੈ। ਕੋਈ ਵੀ ਬੱਚਾ ਜ਼ਰੂਰੀ ਟੀਕਿਆਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਅਤੇ ਕੋਈ ਵੀ ਗਰਭਵਤੀ ਔਰਤ ਸਮੇਂ ਸਿਰ ਜਾਂਚ ਤੋਂ ਖੁੰਝਣੀ ਨਹੀਂ ਚਾਹੀਦੀ। ਆਮ ਆਦਮੀ ਕਲੀਨਿਕਾਂ ਵਿੱਚ ਮਿਲਦੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਸਾਡਾ ਫ਼ਰਜ਼ ਹੈ। ਲਾਪਰਵਾਹੀ ਕਿਸੇ ਵੀ ਪੱਧਰ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।"
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਪੂਰਾ ਕਰਵਾਇਆ ਜਾਵੇ, ਗਰਭਵਤੀ ਔਰਤਾਂ ਨਿਯਮਿਤ ਜਾਂਚ ਕਰਵਾਉਣ ਅਤੇ ਨੇੜਲੇ ਸਿਹਤ ਕੇਂਦਰ ਜਾਂ ਆਮ ਆਦਮੀ ਕਲੀਨਿਕ ਤੋਂ ਸਹੂਲਤਾਂ ਦਾ ਲਾਭ ਲਿਆ ਜਾਵੇ।