ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਰੇਲਵੇ 'ਤੇ ਪੁਰਾਣੇ ਅਤੇ ਜਾਅਲੀ ਵੀਡੀਓਜ਼ ਦੇ ਵਾਇਰਲ ਕੀਤੇ ਜਾਣ ਦੇ ਮਾਮਲਿਆਂ 'ਤੇ ਸ਼ਨੀਵਾਰ ਨੂੰ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਵੀਡੀਓ ਦੀ ਪਛਾਣ ਕੀਤੀ ਗਈ ਹੈ ਅਤੇ ਅਜਿਹੇ ਲੋਕਾਂ ਖ਼ਿਲਾਫ਼ ਪੁਲਸ 'ਚ ਰਿਪੋਰਟ ਦਰਜ ਕਰਵਾਈ ਜਾਵੇਗੀ। ਸ਼੍ਰੀ ਵੈਸ਼ਨਵ ਕੋਲ ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ (MeitY) ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੈ
ਇੱਥੇ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਵੱਖਰੇ ਤੌਰ 'ਤੇ ਗੱਲ ਕਰਦੇ ਹੋਏ ਸ਼੍ਰੀ ਵੈਸ਼ਨਵ ਨੇ ਕਿਹਾ,"ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਅਲੀ ਵੀਡੀਓਜ਼ ਜਾਰੀ ਕਰਨਾ ਕਿੰਨਾ ਖਤਰਨਾਕ ਹੈ ਅਤੇ ਇਸ ਦੇ ਕੀ ਨਤੀਜੇ ਹੋ ਸਕਦੇ ਹਨ। ਇਨ੍ਹਾਂ ਮਾਮਲਿਆਂ 'ਚ ਐੱਫਆਈਆਰ (ਪਹਿਲੀ ਸੂਚਨਾ ਰਿਪੋਰਟ) ਦਰਜ ਕਰਵਾਈ ਜਾ ਰਹੀ ਹੈ।" ਰੇਲਵੇ ਦੇ ਅਨੁਸਾਰ, ਹਾਲ ਹੀ 'ਚ 70 ਤੋਂ ਵੱਧ ਅਜਿਹੇ ਵੀਡੀਓਜ਼ ਦੀ ਪਛਾਣ ਕੀਤੀ ਗਈ ਹੈ ਜੋ ਜਾਂ ਤਾਂ ਪੁਰਾਣੇ ਹਨ ਜਾਂ ਜਾਅਲੀ ਹਨ। ਰੇਲਵੇ ਨੇ ਅਜਿਹੇ ਮਾਮਲਿਆਂ 'ਚ ਕਾਰਵਾਈ ਸ਼ੁਰੂ ਕੀਤੀ ਹੈ।
ਰੇਲਵੇ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ 'ਚ ਰੇਲਵੇ ਦੇ ਕੰਮਕਾਜ 'ਚ ਕਾਫ਼ੀ ਸੁਧਾਰ ਹੋਇਆ ਹੈ। ਜਦੋਂ ਕਿ ਯਾਤਰੀ ਸੇਵਾਵਾਂ 'ਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਬੁਨਿਆਦੀ ਢਾਂਚੇ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਕੁਝ ਵਿਅਕਤੀ ਭਾਰਤੀ ਰੇਲਵੇ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਜਾਅਲੀ ਵੀਡੀਓਜ਼ ਪ੍ਰਸਾਰਿਤ ਕਰਨ ਵਰਗੀਆਂ ਚਾਲਾਂ ਦਾ ਸਹਾਰਾ ਲੈਂਦੇ ਹਨ।