ਭਾਰਤੀ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਲਗਾਤਾਰ 5ਵੇਂ ਕਾਰੋਬਾਰੀ ਦਿਨ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਵੱਲੋਂ ਕੀਤੀ ਗਈ ਭਾਰੀ ਖਰੀਦਦਾਰੀ, ਕੱਚੇ ਤੇਲ ਦੀਆਂ ਘਟਦੀਆਂ ਕੀਮਤਾਂ ਅਤੇ ਅਮਰੀਕੀ ਮਿਡਟਰਮ ਚੋਣਾਂ 'ਚ ਡੈਮੋਕ੍ਰੇਟਸ ਦੀ ਜਿੱਤ ਤੋਂ ਬਾਅਦ ਗਲੋਬਲ ਬਾਜ਼ਾਰਾਂ 'ਚ ਆਈ ਮਜ਼ਬੂਤੀ ਕਾਰਨ ਸੈਂਸੈਕਸ 77,300 ਦੇ ਅੰਕੜੇ ਤੋਂ ਪਾਰ ਬੰਦ ਹੋਇਆ।
ਬੁੱਧਵਾਰ ਨੂੰ ਸੈਂਸੈਕਸ 383.55 ਅੰਕ ਚੜ੍ਹ ਕੇ 77,301.40 'ਤੇ ਬੰਦ ਹੋਇਆ। ਪਿਛਲੇ 5 ਦਿਨਾਂ ਦੀ ਤੇਜ਼ੀ ਵਿੱਚ ਸੈਂਸੈਕਸ ਕੁੱਲ 4,000 ਅੰਕ, ਭਾਵ ਕਰੀਬ (5.4 ਫ਼ੀਸਦੀ) ਤੱਕ ਚੜ੍ਹ ਚੁੱਕਾ ਹੈ। ਉੱਥੇ ਹੀ ਨਿਫ਼ਟੀ ਇੰਡੈਕਸ 149.75 ਅੰਕਾਂ ਦੇ ਵਾਧੇ ਨਾਲ 23,960.60 'ਤੇ ਬੰਦ ਹੋਇਆ।
ਭਾਰਤ ਇਲੈਕਟ੍ਰੌਨਿਕਸ, ਟਾਈਟਨ, ਇੰਡੀਗੋ ਏਵੀਏਸ਼ਨ, ਬਜਾਜ ਫਾਈਨਾਂਸ, ਆਈ.ਟੀ.ਸੀ. ਅਤੇ ਅਡਾਨੀ ਪੋਰਟਸ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ ਟੀ.ਸੀ.ਐੱਸ., ਐੱਚ.ਸੀ.ਐੱਲ. ਟੈੱਕ, ਇੰਫੋਸਿਸ ਅਤੇ ਇਟਰਨਲ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਮੰਦੀ ਆਈ।
ਜ਼ਿਕਰਯੋਗ ਹੈ ਕਿ ਅਮਰੀਕੀ ਮਿਡਟਰਮ ਚੋਣਾਂ 'ਚ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਹਾਰ ਅਤੇ ਡੈਮੋਕ੍ਰੇਟਸ ਵੱਲੋਂ ਅਮਰੀਕੀ ਕਾਂਗਰਸ 'ਚ ਬਹੁਮਤ ਹਾਸਲ ਕਰਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਇੰਪੋਰਟ ਡਿਊਟੀਆਂ ਤੇ ਟੈਰਿਫ਼ ਨੀਤੀਆਂ 'ਚ ਰਾਹਤ ਦੀ ਉਮੀਦ ਵਧੀ ਹੈ, ਜਿਸ ਨਾਲ ਭਾਰਤ ਵਰਗੇ ਉੱਭਰਦੇ ਬਾਜ਼ਾਰਾਂ 'ਚ ਵਿਦੇਸ਼ੀ ਨਿਵੇਸ਼ਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ, ਜਿਸ ਦਾ ਸਿੱਧਾ ਅਸਰ ਸ਼ੇਅਰ ਮਾਰਕੀਟ 'ਤੇ ਦਿਖਿਆ ਹੈ।