ਨਵੀਂ ਦਿੱਲੀ : ਮਿਡਲ ਈਸਟ ’ਚ ਚੱਲ ਰਹੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਚੱਲ ਰਹੀ ਤੇਜ਼ੀ ਦਰਮਿਆਨ ਤਿਉਹਾਰੀ ਸੀਜ਼ਨ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਦਾ ਰੁਖ ਜਾਰੀ ਹੈ। ਵਾਅਦਾ ਬਾਜ਼ਾਰ ’ਚ ਦਸੰਬਰ ਗੋਲਡ ਵਾਅਦਾ ਦੀਆਂ ਕੀਮਤਾਂ ’ਚ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਸ਼ੁੱਕਰਵਾਰ ਨੂੰ ਇਸ ਦੀਆਂ ਕੀਮਤਾਂ ਡਿੱਗ ਕੇ 1 ਲੱਖ 38 ਹਜ਼ਾਰ ਤੱਕ ਟੁੱਟ ਗਈਆਂ।
ਸ਼ੁੱਕਰਵਾਰ ਸ਼ਾਮ MCX ’ਤੇ ਸੋਨਾ 1 ਲੱਖ 38 ਹਜ਼ਾਰ 249 ਰੁਪਏ ਤੱਕ ਡਿੱਗ ਕੇ 1 ਲੱਖ 39 ਹਜ਼ਾਰ 180 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਚਾਂਦੀ ਦੀ ਦਸੰਬਰ ਵਾਅਦਾ ਦੀ ਕੀਮਤ ਡਿੱਗ ਕੇ 1 ਲੱਖ 78 ਹਜ਼ਾਰ 876 ਰੁਪਏ ਤੱਕ ਪਹੁੰਚ ਗਈ ਅਤੇ ਸ਼ਾਮ ਨੂੰ ਇਹ 1 ਲੱਖ 81 ਹਜ਼ਾਰ 494 ਰੁਪਏ ’ਤੇ ਕਾਰੋਬਾਰ ਕਰ ਰਹੀ ਸੀ। 6 ਅਕਤੂਬਰ ਨੂੰ ਦਸੰਬਰ ਵਾਅਦਾ ਦੀ ਚਾਂਦੀ ਦੀ ਸਭ ਤੋਂ ਉੱਚੀ ਕੀਮਤ 2 ਲੱਖ 28 ਹਜ਼ਾਰ ਰੁਪਏ ਸੀ ਅਤੇ ਇਸੇ ਮਹੀਨੇ ’ਚ ਚਾਂਦੀ ਦੀਆਂ ਕੀਮਤਾਂ ਉੱਪਰਲੇ ਪੱਧਰਾਂ ਤੋਂ 50 ਹਜ਼ਾਰ ਰੁਪਏ ਟੁੱਟ ਗਈਆਂ ਹਨ, ਜਦਕਿ ਸੋਨੇ ਦੇ ਦਸੰਬਰ ਵਾਅਦਾ ਦੀ ਇਸ ਮਹੀਨੇ ਦੀ ਸਭ ਤੋਂ ਉੱਚੀ ਕੀਮਤ 1 ਲੱਖ 51 ਹਜ਼ਾਰ 700 ਰੁਪਏ ਸੀ ਅਤੇ ਇਸ ਹਿਸਾਬ ਨਾਲ ਸੋਨੇ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਲੱਗਭਗ 13 ਹਜ਼ਾਰ ਰੁਪਏ ਦੀ ਡਿੱਗ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਸਤੰਬਰ ’ਚ ਵੀ ਸੋਨੇ ਦੀਆਂ ਕੀਮਤਾਂ ’ਚ ਸਭ ਤੋਂ ਉੱਚੇ ਪੱਧਰ ਤੋਂ ਲੱਗਭਗ 8 ਹਜ਼ਾਰ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਸਤੰਬਰ ’ਚ ਸੋਨਾ ਆਪਣੀ ਸਭ ਤੋਂ ਉੱਚੀ ਕੀਮਤ 1 ਲੱਖ 57 ਤੋਂ ਡਿੱਗ ਕੇ 1 ਲੱਖ 49 ਹਜ਼ਾਰ ਤੱਕ ਪਹੁੰਚ ਗਿਆ ਸੀ, ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ’ਚ ਵੀ ਸਤੰਬਰ ’ਚ 22 ਹਜ਼ਾਰ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਚਾਂਦੀ 2 ਲੱਖ 45 ਹਜ਼ਾਰ ਤੋਂ ਟੁੱਟ ਕੇ 2 ਲੱਖ 23 ਹਜ਼ਾਰ ਤੱਕ ਪਹੁੰਚ ਗਈ ਸੀ।
ਅਸਲ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਆ ਰਹੀ ਤੇਜ਼ੀ ਦੇ ਕਾਰਨ ਪੂਰੀ ਦੁਨੀਆ ’ਚ ਮਹਿੰਗਾਈ ਦੀ ਦਰ ਉੱਚੀ ਰਹਿਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਨਿਵੇਸ਼ਕਾਂ ਦਾ ਰੁਝਾਨ ਜ਼ਿਆਦਾ ਸੁਰੱਖਿਅਤ ਮੰਨੇ ਜਾਣ ਵਾਲੇ ਅਮਰੀਕਾ ਦੇ 10 ਸਾਲ ਦੇ ਬਾਂਡ ਅਤੇ ਡਾਲਰ ਵੱਲ ਵਧ ਰਿਹਾ ਹੈ। ਅਮਰੀਕਾ ’ਚ 10 ਸਾਲ ਦੀ ਬਾਂਡ ਯੀਲਡ ਲਗਾਤਾਰ 5 ਫੀਸਦੀ ਦੇ ਆਸ-ਪਾਸ ਚੱਲ ਰਹੀ ਹੈ, ਜਦਕਿ ਡਾਲਰ ਇੰਡੈਕਸ ਵੀ 102 ਦੇ ਨੇੜੇ ਬਣਿਆ ਹੋਇਆ ਹੈ। ਜਿਸ ਕਾਰਨ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ।