ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਮਿਲਾਵਟਖੋਰੀ ਅਤੇ ਗੈਰ-ਮਿਆਰੀ ਖੁਰਾਕੀ ਵਸਤਾਂ ਦੀ ਵਿਕਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਮਾਣਯੋਗ ਕਮਿਸ਼ਨਰ (ਫੂਡ) ਸ੍ਰੀਮਤੀ ਕੰਵਲਪ੍ਰੀਤ ਬਰਾੜ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫ਼ਟੀ ਟੀਮ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 2 ਅਤੇ 3 ਨਵੰਬਰ ਨੂੰ ਬਲਾਚੌਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਗਈ।
ਇਸ ਦੌਰਾਨ ਖੋਆ, ਪਨੀਰ, ਰੰਗਦਾਰ ਮਠਿਆਈਆਂ ਅਤੇ ਚਾਂਦੀ ਦਾ ਵਰਕ ਲੱਗੀਆਂ ਮਠਿਆਈਆਂ ਦੇ ਸੈਂਪਲ ਜਾਂਚ ਲਈ ਭਰੇ ਗਏ। ਜਾਂਚ ਦੌਰਾਨ 20 ਕਿਲੋ ਬਾਸੀ ਅਤੇ ਰੰਗਦਾਰ ਲੱਡੂ ਮੌਕੇ 'ਤੇ ਹੀ ਨਸ਼ਟ ਕਰਵਾਏ ਗਏ, ਤਾਂ ਜੋ ਅਜਿਹੀਆਂ ਗੈਰ-ਮਿਆਰੀ ਖੁਰਾਕੀ ਵਸਤਾਂ ਦੀ ਵਿਕਰੀ ਰੋਕੀ ਜਾ ਸਕੇ।
ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਮਠਿਆਈਆਂ ਦੀ ਮੰਗ ਵਧਣ ਕਾਰਨ ਕੁਝ ਵਿਕਰੇਤਾਵਾਂ ਵੱਲੋਂ ਗੁਣਵੱਤਾ ਨਾਲ ਸਮਝੌਤਾ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਸਾਰੇ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੁਰਾਕ ਸੁਰੱਖਿਆ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮਠਿਆਈਆਂ ਵਿੱਚ ਸਿਰਫ਼ ਫੂਡ ਸੇਫ਼ਟੀ ਅਤੇ ਮਿਆਰ ਅਥਾਰਟੀ (ਐੱਫ.ਐੱਸ.ਐੱਸ.ਏ.ਆਈ.) ਵੱਲੋਂ ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਕੀਤੀ ਜਾਵੇ ਅਤੇ ਚਾਂਦੀ ਦਾ ਵਰਕ ਵੀ ਸ਼ੁੱਧ ਤੇ ਮਿਆਰੀ ਹੋਣਾ ਚਾਹੀਦਾ ਹੈ। ਘਟੀਆ ਕਿਸਮ ਦੇ ਵਰਕ ਅਤੇ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਹੋਰ ਕਿਹਾ ਕਿ ਮਠਿਆਈਆਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ, ਤਿਆਰੀ ਅਤੇ ਸਟੋਰੇਜ ਦੌਰਾਨ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਬਾਸੀ ਜਾਂ ਖ਼ਰਾਬ ਹੋ ਚੁੱਕੀਆਂ ਖੁਰਾਕੀ ਵਸਤਾਂ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ। ਖੁਰਾਕੀ ਵਸਤਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਮਠਿਆਈਆਂ ਖਰੀਦਣ ਸਮੇਂ ਉਨ੍ਹਾਂ ਦੀ ਤਾਜ਼ਗੀ, ਸਫ਼ਾਈ ਅਤੇ ਗੁਣਵੱਤਾ ਦਾ ਧਿਆਨ ਰੱਖਣ। ਸ਼ੱਕੀ ਜਾਂ ਗੈਰ-ਮਿਆਰੀ ਖੁਰਾਕੀ ਵਸਤਾਂ ਦੀ ਵਿਕਰੀ ਸਬੰਧੀ ਵਿਭਾਗ ਨੂੰ ਸੂਚਿਤ ਕਰਨ, ਤਾਂ ਜੋ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਅੰਦਰ ਖੁਰਾਕੀ ਵਸਤਾਂ ਦੀ ਜਾਂਚ ਲਈ ਇਹ ਵਿਸ਼ੇਸ਼ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ।
ਇਸ ਚੈਕਿੰਗ ਮੁਹਿੰਮ ਦੌਰਾਨ ਫੂਡ ਸੇਫ਼ਟੀ ਟੀਮ ਵਿੱਚ ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ, ਫੂਡ ਸੇਫ਼ਟੀ ਅਫ਼ਸਰ ਸ. ਬਿਕਰਮਜੀਤ ਸਿੰਘ ਅਤੇ ਸ੍ਰੀ ਦਿਨੇਸ਼ਜੋਤ ਸਿੰਘ ਵਾਲੀਆ ਸ਼ਾਮਲ ਸਨ।