ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ ਹੈਰੋਇਨ ਤਸਕਰੀ ਦੇ ਵੱਖ-ਵੱਖ ਮਾਮਲਿਆਂ 'ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਕੋਲੋਂ ਕੁੱਲ 23 ਕਿਲੋ 18 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਮੈਗਜ਼ੀਨ, ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਪਹਿਲੇ ਮਾਮਲੇ 'ਚ ਥਾਣਾ ਲੋਪੋਕੇ ਪੁਲਸ ਨੇ ਬੀ.ਐਸ.ਐਫ. ਇੰਟੈਲੀਜੈਂਸ ਵਿੰਗ ਅਤੇ 100 ਬਟਾਲੀਅਨ ਬੀ.ਐਸ.ਐਫ. ਨਾਲ ਸਾਂਝੀ ਕਾਰਵਾਈ ਕਰਦਿਆਂ ਪਿੰਡ ਲੋਧੀਗੁੱਜਰ ਦੇ ਰਹਿਣ ਵਾਲੇ ਸੁਖਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਪਿੰਡ ਸੈਦਪੁਰ ਦੀ ਸੜਕ 'ਤੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ। ਸੂਚਨਾ ਮੁਤਾਬਕ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਤਸਕਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਂਦਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ 13 ਕਿਲੋ ਹੈਰੋਇਨ, ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ।
ਇਸ ਤਰ੍ਹਾਂ ਦੂਜੇ ਮਾਮਲੇ ਵਿਚ ਥਾਣਾ ਘਰਿੰਡਾ ਪੁਲਸ ਨੇ ਸਰਕਾਰੀ ਬਾਗ਼ ਨੇੜੇ ਜੀ.ਟੀ. ਰੋਡ 'ਤੇ ਨਾਕਾਬੰਦੀ ਕਰਕੇ ਗੁਰਬਖ਼ਸ਼ੀਸ਼ ਸਿੰਘ ਉਰਫ਼ ਬਖ਼ਸ਼ੀਸ਼ ਅਤੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਤਸਕਰੀ ਦੀ ਖੇਪ ਲੈ ਕੇ ਆ ਰਹੇ ਸਨ। ਉਨ੍ਹਾਂ ਦੀ ਤਲਾਸ਼ੀ ਲੈਣ 'ਤੇ 10 ਕਿਲੋ 18 ਗ੍ਰਾਮ ਹੈਰੋਇਨ, ਇੱਕ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਦੋਵਾਂ ਮਾਮਲਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ, ਜਦੋਂ ਕਿ ਪਹਿਲੇ ਮਾਮਲੇ 'ਚ ਆਰਮਜ਼ ਐਕਟ ਵੀ ਲਗਾਇਆ ਗਿਆ ਹੈ।