ਮੁੰਬਈ : ਦੇਸ਼ ’ਚ ਡਿਜੀਟਲ ਭੁਗਤਾਨ ਅਤੇ ਯੂ. ਪੀ. ਆਈ. ਦੀ ਵਰਤੋਂ ਵਧਣ ਨਾਲ ਸਾਈਬਰ ਠੱਗੀ ਦੇ ਤਰੀਕੇ ਵੀ ਬਦਲ ਰਹੇ ਹਨ। ਹੁਣ ਸਾਈਬਰ ਅਪਰਾਧੀ ਸਿਰਫ ਲੋਕਾਂ ਦੀ ਲਾਪ੍ਰਵਾਹੀ ਦਾ ਫਾਇਦਾ ਨਹੀਂ ਉਠਾ ਰਹੇ ਹਨ, ਸਗੋਂ ਮੋਬਾਈਲ ਫੋਨ ਦੀ ਸੁਰੱਖਿਆ ’ਚ ਮੌਜੂਦ ਕਮਜ਼ੋਰੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਸ ਖਤਰੇ ਨਾਲ ਨਜਿੱਠਣ ਲਈ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਦੀ ਮਾਲਕ ਕੰਪਨੀ ਗੂਗਲ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਪਲੇਟਫਾਰਮ ਦੇ ਪੱਧਰ ’ਤੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨਾ ਅਤੇ ਸਾਈਬਰ ਧੋਖਾਦੇਹੀ ਦੇ ਮਾਮਲਿਆਂ ਨੂੰ ਘੱਟ ਕਰਨਾ ਹੈ।
ਮੈਲੀਸ਼ੀਅਸ ਐਪ ਨਾਲ ਫੋਨ ’ਤੇ ਕਬਜ਼ੇ ਦੀ ਕੋਸ਼ਿਸ਼
ਹੁਣ ਤੱਕ ਯੂ. ਪੀ. ਆਈ. ਨਾਲ ਜੁੜੀ ਜ਼ਿਆਦਾਤਰ ਧੋਖਾਦੇਹੀ ’ਚ ਲੋਕਾਂ ਤੋਂ ਓ.ਟੀ. ਪੀ. ਸਾਂਝਾ ਕਰਵਾਉਣਾ, ਫਰਜ਼ੀ ਕਿਊ. ਆਰ. ਕੋਡ ਸਕੈਨ ਕਰਵਾਉਣਾ ਜਾਂ ਗਲਤ ਕੁਲੈਕਟ ਰਿਕਵੈਸਟ ਨੂੰ ਮਨਜ਼ੂਰੀ ਦਿਵਾਉਣਾ ਸ਼ਾਮਲ ਸੀ। ਹਾਲਾਂਕਿ ਹੁਣ ਠੱਗ ਇਸ ਤੋਂ ਅੱਗੇ ਵਧ ਕੇ ਮੋਬਾਈਲ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਰਹੇ ਹਨ। ਉਹ ਨੁਕਸਾਨਦੇਹ ਏ. ਪੀ. ਕੇ. ਭਾਵ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਫੋਨ ’ਤੇ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਐਪ ਅਕਸਰ ਜ਼ਿਆਦਾਤਰ ਪਲੇਅ ਸਟੋਰ ਦੀ ਬਜਾਏ ਦੂਜੇ ਮਾਧਿਅਮਾਂ ਰਾਹੀਂ ਇੰਸਟਾਲ ਕੀਤੇ ਜਾਂਦੇ ਹਨ।
ਬੈਂਕਾਂ ਅਤੇ ਫਿਨਟੈੱਕ ਕੰਪਨੀਆਂ ਨੂੰ ਵੀ ਸਲਾਹ
ਪੇਮੈਂਟ ਇੰਡਸਟਰੀ ਨਾਲ ਜੁੜੇ ਮਾਹਿਰਾਂ ਮੁਤਾਬਕ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਦੀਆਂ ਕੁਝ ਕਮਜ਼ੋਰੀਆਂ ਨੂੰ ਮੌਜੂਦਾ ਸੁਰੱਖਿਆ ਹੱਲ ਵੀ ਪਛਾਣਨ ’ਚ ਨਾਕਾਮ ਹੋ ਸਕਦੇ ਹਨ। ਐੱਨ. ਪੀ. ਸੀ. ਆਈ. ਨੇ ਗੂਗਲ ਨਾਲ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਗੱਲਬਾਤ ਸ਼ੁਰੂ ਕੀਤੀ ਹੈ, ਤਾਂ ਜੋ ਪਲੇਟਫਾਰਮ ਪੱਧਰ ’ਤੇ ਸੁਰੱਖਿਆ ਵਧਾਈ ਜਾ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕਾਂ ਅਤੇ ਫਿਨਟੈੱਕ ਕੰਪਨੀਆਂ ਨੂੰ ਵੀ ਆਪਣੇ ਸਰਵਰ ਦੀ ਸੁਰੱਖਿਆ ਮਜ਼ਬੂਤ ਕਰਨੀ ਚਾਹੀਦੀ ਹੈ। ਭਾਰਤ ’ਚ ਵੱਡੀ ਗਿਣਤੀ ’ਚ ਲੋਕ ਪੁਰਾਣੇ ਐਂਡ੍ਰਾਇਡ ਫੋਨ ਵਰਤਦੇ ਹਨ, ਜਿਸ ਨਾਲ ਇਹ ਖਤਰਾ ਹੋਰ ਵਧ ਸਕਦਾ ਹੈ।