ਨਵੀਂ ਦਿੱਲੀ : ਅਮਰੀਕੀ ਟੈੱਕ ਕੰਪਨੀ ਆਈ. ਬੀ. ਐੱਮ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਰਵਿੰਦ ਕ੍ਰਿਸ਼ਨਾ ਨੇ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਧਦੀ ਵਰਤੋਂ ਨਾਲ ਅਗਲੇ ਦਹਾਕੇ ’ਚ 10 ਤੋਂ 20 ਫੀਸਦੀ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ ਅਤੇ ਇਸ ਦਾ ਸਭ ਤੋਂ ਵੱਧ ਅਸਰ ਬੀ. ਪੀ. ਓ. (ਕਾਰੋਬਾਰੀ ਪ੍ਰਕਿਰਿਆ ਪ੍ਰਬੰਧਨ) ਖੇਤਰ ’ਤੇ ਪੈਣ ਦਾ ਖ਼ਦਸ਼ਾ ਹੈ। ਕ੍ਰਿਸ਼ਨਾ ਨੇ ਕਿਹਾ ਕਿ ਏ. ਆਈ. ਦਾ ਰੋਜ਼ਗਾਰ ’ਤੇ ਅਸਰ ਹੌਲੀ-ਹੌਲੀ ਸਾਹਮਣੇ ਆਵੇਗਾ ਅਤੇ ਸਰਕਾਰਾਂ ਤੇ ਕੰਪਨੀਆਂ ਨੂੰ ਮੁਲਾਜ਼ਮਾਂ ਨੂੰ ਕੰਮਕਾਜ ਦੇ ਬਦਲਦੇ ਸਰੂਪ ਲਈ ਤਿਆਰ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਆਈ. ਬੀ. ਐੱਮ. ’ਚ ਲਿਖੇ ਜਾ ਰਹੇ ਲੱਗਭਗ ਅੱਧੇ ਸਾਫਟਵੇਅਰ ਕੋਡ ਦਾ ਨਿਰਮਾਣ ਪਹਿਲਾਂ ਹੀ ਏ. ਆਈ. ਦੀ ਮਦਦ ਨਾਲ ਹੋ ਰਿਹਾ ਹੈ। ਇਸ ਨਾਲ ਪ੍ਰੋਗਰਾਮਰਜ਼ ਦੀ ਭੂਮਿਕਾ ਖ਼ਤਮ ਹੋਣ ਦੀ ਬਜਾਏ ਬਦਲੇਗੀ। ਭਵਿੱਖ ’ਚ ਪ੍ਰੋਗਰਾਮਰਜ਼ ਖ਼ੁਦ ਕੋਡ ਲਿਖਣ ਦੀ ਬਜਾਏ ਏ. ਆਈ. ਨੂੰ ਹਦਾਇਤਾਂ ਦੇਣਗੇ ਕਿ ਉਸ ਨੇ ਕੀ ਲਿਖਣਾ ਹੈ। ਉਨ੍ਹਾਂ ਕਿਹਾ ਕਿ ਆਈ. ਬੀ. ਐੱਮ. ਨੇ ਪਿਛਲੇ ਇਕ ਸਾਲ ’ਚ ਭਾਰਤ ’ਚ 5,000 ਤੋਂ 10,000 ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਕੰਪਨੀ ਚਿੱਪ ਡਿਜ਼ਾਈਨ, ਸਾਫਟਵੇਅਰ ਵਿਕਾਸ, ਜਾਂਚ ਅਤੇ ਏ. ਆਈ. ਵਰਗੇ ਖੇਤਰਾਂ ’ਚ ਭਰਤੀਆਂ ਵਧਾ ਰਹੀ ਹੈ। ਕ੍ਰਿਸ਼ਨਾ ਨੇ ਕਿਹਾ ਕਿ ਆਈ. ਬੀ. ਐੱਮ. ਭਾਰਤ ’ਚ ਹਰ ਸਾਲ ਲੱਗਭਗ 3 ਅਰਬ ਡਾਲਰ ਖ਼ਰਚ ਅਤੇ ਨਿਵੇਸ਼ ਕਰ ਰਹੀ ਹੈ। ਕੰਪਨੀ ਨੇ ਕੋਚੀ, ਗਿਫਟ ਸਿਟੀ, ਲਖਨਊ ਅਤੇ ਵਿਸ਼ਾਖਾਪਟਨਮ ’ਚ ਆਪਣੀ ਮੌਜੂਦਗੀ ਦਾ ਵਿਸਥਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਈ. ਬੀ. ਐੱਮ. ਅਗਲੇ 5 ਸਾਲਾਂ ’ਚ ਵਿਸ਼ਵ ਪੱਧਰ ’ਤੇ ਕੁਆਂਟਮ ਕੰਪਿਊਟਿੰਗ ’ਚ ਲੱਗਭਗ 10 ਅਰਬ ਡਾਲਰ ਦਾ ਨਿਵੇਸ਼ ਕਰੇਗੀ, ਜਿਸ ਦਾ ਇਕ ਹਿੱਸਾ ਭਾਰਤ ’ਚ ਵੀ ਆਵੇਗਾ।
ਕ੍ਰਿਸ਼ਨਾ ਨੇ ਕਿਹਾ, ‘‘ਏ. ਆਈ. ਦਹਾਕੇ ਦੇ ਅੰਤ ਤੱਕ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਲੱਗਭਗ 500 ਅਰਬ ਡਾਲਰ ਦਾ ਯੋਗਦਾਨ ਪਾ ਸਕਦੀ ਹੈ। ਹਾਲਾਂਕਿ, ਦੇਸ਼ ਨੂੰ ‘ਵੱਡੇ ਭਾਸ਼ਾ ਮਾਡਲ’ ਵਿਕਸਤ ਕਰਨ ਦੀ ਬਜਾਏ ਉਦਯੋਗਾਂ ਅਤੇ ਸਰਕਾਰੀ ਕੰਮਕਾਜ ’ਚ ਏ. ਆਈ. ਦੀ ਵਰਤੋਂ ਤੇਜ਼ੀ ਨਾਲ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।’’
ਆਈ. ਬੀ. ਐੱਮ. ਦੀ ਇਕ ਖੋਜ ਮੁਤਾਬਕ, ਭਾਰਤ ਦੇ 90 ਫੀਸਦੀ ਤੋਂ ਵੱਧ ਉੱਦਮ ਏ. ਆਈ. ਦੀਆਂ ਸੰਭਾਵਨਾਵਾਂ ਨੂੰ ਪਛਾਣਦੇ ਹਨ ਪਰ 75 ਫੀਸਦੀ ਤੋਂ ਵੱਧ ਨੇ ਇਸ ਦੀ ਵਰਤੋਂ ਦੀ ਦਿਸ਼ਾ ’ਚ ਬਹੁਤ ਘੱਟ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਦੀ ਉਪਲਬਧਤਾ, ਕੁਸ਼ਲ ਮੁਲਾਜ਼ਮਾਂ ਦੀ ਕਮੀ ਅਤੇ ਕਾਰੋਬਾਰੀ ਪ੍ਰਕਿਰਿਆਵਾਂ ’ਚ ਬਦਲਾਅ ਲਈ ਕੰਪਨੀਆਂ ਦੀ ਤਿਆਰੀ ਦੀ ਘਾਟ ਇਸ ਦਿਸ਼ਾ ’ਚ ਮੁੱਖ ਚੁਣੌਤੀਆਂ ਹਨ।