ਨਵੀਂ ਦਿੱਲੀ - ਕਮਜ਼ੋਰ ਮਾਨਸੂਨ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਸੋਕੇ ਵਰਗੇ ਹਾਲਾਤ ਦਾ ਅਸਰ ਹੁਣ ਸਾਉਣੀ ਫਸਲਾਂ ਦੇ ਬਾਜ਼ਾਰ ਭਾਅ ’ਤੇ ਦਿਖਾਈ ਦੇਣ ਲੱਗਾ ਹੈ। ਜ਼ਿਆਦਾਤਰ ਸਾਉਣੀ ਦੀਆਂ ਫਸਲਾਂ ਦੇ ਭਾਅ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਉੱਪਰ ਪਹੁੰਚ ਗਏ ਹਨ। ਸਭ ਤੋਂ ਵੱਧ ਤੇਜ਼ੀ ਮੱਕੀ ’ਚ ਦੇਖਣ ਨੂੰ ਮਿਲੀ ਹੈ, ਜਿਸ ਦੇ ਭਾਅ ਪਿਛਲੇ ਇਕ ਮਹੀਨੇ ’ਚ ਕਰੀਬ 40 ਫੀਸਦੀ ਤੱਕ ਵਧ ਗਏ ਹਨ।
ਮੂੰਗੀ ਅਤੇ ਬਾਜਰਾ ਵੇਚਣ ਵਾਲੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਪੂਰਾ ਫਾਇਦਾ : ਮੰਡੀਆਂ ’ਚ ਜ਼ਿਆਦਾਤਰ ਫਸਲਾਂ ਦੇ ਭਾਅ ਵਧਣ ਦੇ ਬਾਵਜੂਦ ਸਾਰੇ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ ਹੈ। ਮੂੰਗੀ ਅਤੇ ਬਾਜਰੇ ਦੇ ਭਾਅ ਅਜੇ ਵੀ ਐੱਮ. ਐੱਸ. ਪੀ. ਤੋਂ ਹੇਠਾਂ ਬਣੇ ਹੋਏ ਹਨ। ਮੂੰਗੀ ਦੀ ਚੰਗੀ ਕਿਸਮ ਕਰੀਬ 7,800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜੋ ਇਸ ਦੇ ਐੱਮ. ਐੱਸ. ਪੀ. ਤੋਂ 980 ਰੁਪਏ ਘੱਟ ਹੈ। ਇਸੇ ਤਰ੍ਹਾਂ ਚੰਗੀ ਗੁਣਵੱਤਾ ਵਾਲੇ ਬਾਜਰੇ ਦਾ ਭਾਅ ਕਰੀਬ 2,700 ਰੁਪਏ ਪ੍ਰਤੀ ਕੁਇੰਟਲ ਹੈ।
ਮਾਂਹ ਦਾ ਉਤਪਾਦਨ ਅੱਧਾ ਰਹਿਣ ਦਾ ਖਦਸ਼ਾ : ਬਾਰਿਸ਼ ਅਤੇ ਮੌਸਮ ਦੇ ਉਲਟ ਹਾਲਾਤ ਨੇ ਮਾਂਹ ਦੀ ਪੈਦਾਵਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੇਸ਼ ’ਚ ਪਹਿਲਾਂ ਕਰੀਬ 15 ਲੱਖ ਟਨ ਮਾਂਹ ਉਤਪਾਦਨ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਬਾਰਿਸ਼ ਕਾਰਨ ਹੁਣ ਉਤਪਾਦਨ ਘਟ ਕੇ 8 ਤੋਂ 9 ਲੱਖ ਟਨ ਰਹਿਣ ਦਾ ਖਦਸ਼ਾ ਹੈ। ਇਸ ਨਾਲ ਆਉਣ ਵਾਲੇ ਸਮੇਂ ’ਚ ਮਾਂਹ ਦੀਆਂ ਕੀਮਤਾਂ ’ਤੇ ਵੀ ਦਬਾਅ ਵਧ ਸਕਦਾ ਹੈ।