ਬਾਲੀਵੁੱਡ ਅਤੇ ਟੀਵੀ ਜਗਤ ਦੀ ਮਸ਼ਹੂਰ ਜੋੜੀ ਅਰਚਨਾ ਪੂਰਨ ਸਿੰਘ ਅਤੇ ਪਰਮੀਤ ਸੇਠੀ ਇੱਕ ਵਾਰ ਫਿਰ ਤੋਂ ਧੂਮਧਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੇ ਮੁੜ ਵਿਆਹ ਦੀ ਤਾਰੀਖ 12 ਦਸੰਬਰ ਤੈਅ ਕੀਤੀ ਗਈ ਹੈ।
ਅਰਚਨਾ ਤੇ ਪਰਮੀਤ ਦਾ ਪਹਿਲਾ ਵਿਆਹ ਸਾਲ 1992 ਵਿੱਚ ਬਹੁਤ ਹੀ ਸਾਦਗੀ ਨਾਲ ਨਿੱਜੀ ਤੌਰ 'ਤੇ ਹੋਇਆ ਸੀ। ਉਸ ਸਮੇਂ ਕੋਈ ਵੱਡਾ ਸਮਾਗਮ ਆਯੋਜਿਤ ਨਹੀਂ ਕੀਤਾ ਗਿਆ ਸੀ ਅਤੇ ਪਰਿਵਾਰ ਦੇ ਕੁਝ ਚੁਣਿੰਦਾ ਲੋਕ ਹੀ ਸ਼ਾਮਲ ਹੋਏ ਸਨ। ਹੁਣ ਲਗਭਗ 34 ਸਾਲਾਂ ਬਾਅਦ ਦੋਵੇਂ ਆਪਣੇ ਪਰਿਵਾਰ, ਦੋਸਤਾਂ ਕਰੀਬੀਆਂ ਨਾਲ ਮਿਲ ਕੇ ਇਸ ਅਧੂਰੇ ਰਹੇ ਜਸ਼ਨ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ।
ਇਸ ਵਿਆਹ ਦਾ ਗ੍ਰੈਂਡ ਜਸ਼ਨ ਰਿਐਲਿਟੀ ਸ਼ੋਅ 'ਪਤੀ, ਪਤਨੀ ਔਰ ਪੰਗਾ ਸੀਜ਼ਨ 2' ਦੇ ਮੰਚ 'ਤੇ ਦੇਖਣ ਨੂੰ ਮਿਲੇਗਾ। ਸ਼ੋਅ ਦੇ ਸੈੱਟ 'ਤੇ ਅਰਚਨਾ ਨੇ ਖੁਲਾਸਾ ਕੀਤਾ ਕਿ ਉਹ ਅਤੇ ਪਰਮੀਤ 12 ਦਸੰਬਰ ਨੂੰ ਮੁੜ ਸੱਤ ਫੇਰੇ ਲੈਣਗੇ। ਇਸ ਦੌਰਾਨ ਪਰਮੀਤ ਸੇਠੀ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ "ਗਲਤੀ ਹੋ ਜਾਂਦੀ ਹੈ", ਜਿਸ 'ਤੇ ਅਰਚਨਾ ਨੇ ਵੀ ਹੱਸਦਿਆਂ ਜਵਾਬ ਦਿੱਤਾ ਕਿ ਉਹ ਉਹੀ ਗਲਤੀ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਮੁੜ ਦੁਹਰਾਉਣ ਜਾ ਰਹੇ ਹਨ।
ਇਸ ਵਾਰ ਵਿਆਹ ਦੇ ਸਾਰੇ ਫੰਕਸ਼ਨ ਵੱਡੇ ਪੱਧਰ 'ਤੇ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਸੰਗੀਤ, ਜਸ਼ਨ ਅਤੇ ਹੋਰ ਸਾਰੀਆਂ ਰਸਮਾਂ ਸ਼ਾਮਲ ਹੋਣਗੀਆਂ। ਇਸ ਤੋਂ ਪਹਿਲਾਂ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਅਦਾਕਾਰਾ ਅਵਿਕਾ ਗੌਰ ਤੇ ਉਨ੍ਹਾਂ ਦੇ ਪਤੀ ਮਿਲਿੰਦ ਚੰਦਵਾਨੀ ਦਾ ਵਿਆਹ ਵੀ ਕਰਵਾਇਆ ਗਿਆ ਸੀ। ਹੁਣ 12 ਦਸੰਬਰ ਦੇ ਇਸ ਗ੍ਰੈਂਡ ਸੈਲੀਬ੍ਰੇਸ਼ਨ ਨੂੰ ਦੇਖਣ ਲਈ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ।