ਚੰਡੀਗੜ੍ਹ : ਚੰਡੀਗੜ੍ਹ 'ਚ ਸਕੂਲਾਂ, ਅਦਾਲਤਾਂ ਅਤੇ ਸਰਕਾਰੀ ਇਮਾਰਤਾਂ ਤੋਂ ਬਾਅਦ ਹੁਣ ਬੈਂਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਵੀਰਵਾਰ ਸਵੇਰੇ ਇੰਡੀਅਨ ਬੈਂਕ ਅਤੇ ਬੈਂਕ ਆਫ਼ ਇੰਡੀਆ ਸਮੇਤ ਸ਼ਹਿਰ ਦੀਆਂ ਕਈ ਬੈਂਕ ਸ਼ਾਖਾਵਾਂ ਨੂੰ ਧਮਕੀ ਭਰੀਆਂ ਈਮੇਲਾਂ ਮਿਲਣ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਈਮੇਲ 'ਚ ਮੋਹਾਲੀ ਹਵਾਈ ਅੱਡੇ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਆਉਣ ਵਾਲੇ ਸ਼ੋਅ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 10:40 ਵਜੇ ‘ਈਸ਼ਾ ਸਮਿੱਥ’ ਨਾਂ ਦੀ ਈਮੇਲ ਆਈਡੀ ਤੋਂ ਇੰਡੀਅਨ ਬੈਂਕ ਦੀ ਸੈਕਟਰ-17 ਸਥਿਤ ਮੁੱਖ ਸ਼ਾਖਾ, ਜ਼ੋਨਲ ਦਫ਼ਤਰ ਅਤੇ ਫੀਲਡ ਜਨਰਲ ਮੈਨੇਜਰ ਦਫ਼ਤਰ ਨੂੰ ਧਮਕੀ ਭਰੀ ਈਮੇਲ ਭੇਜੀ ਗਈ।
ਈਮੇਲ ਦੇ ਵਿਸ਼ੇ ਵਿੱਚ ਬੈਂਕ ਦੀ ਚੰਡੀਗੜ੍ਹ ਸ਼ਾਖਾ ਵਿੱਚ ਬੰਬ ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਮੋਹਾਲੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਗਈ। ਸੈਕਟਰ-7, ਸੈਕਟਰ-17 ਅਤੇ ਸੈਕਟਰ-35 ਸਮੇਤ ਸ਼ਹਿਰ ਦੀਆਂ ਚਾਰ ਬੈਂਕਾਂ ਦੀਆਂ ਕਰੀਬ 6 ਸ਼ਾਖਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ। ਈਮੇਲ ਵਿੱਚ 12 ਦਸੰਬਰ ਨੂੰ ਮੁੱਲਾਂਪੁਰ ਸਥਿਤ ਸਟੇਡੀਅਮ ਵਿੱਚ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਆਈਫੋਨ ਵਿੱਚ ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਵਿੱਚ ਲੋਕਾਂ ਨੂੰ ਸ਼ੋਅ ਵਿੱਚ ਨਾ ਜਾਣ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚਿਤਾਵਨੀ ਦਿੱਤੀ ਗਈ। ਈਮੇਲ ਦੇ ਵਿੱਚ 1984 ਦੇ ਦੰਗਿਆਂ ਦਾ ਬਦਲਾ ਲੈਣ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਧਮਕੀ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਸਬੰਧਿਤ ਬੈਂਕਾਂ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸਾਵਧਾਨੀ ਵਜੋਂ ਬੈਂਕਾਂ ਨੂੰ ਖ਼ਾਲੀ ਕਰਵਾਇਆ ਗਿਆ ਅਤੇ ਕਈ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ ਜਾਂਚ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਪੁਲਸ ਅਤੇ ਸਾਈਬਰ ਸੈੱਲ ਵੱਲੋਂ ਈਮੇਲ ਭੇਜਣ ਵਾਲੇ ਦੀ ਪਛਾਣ ਅਤੇ ਇਸ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਮੋਹਾਲੀ ਹਵਾਈ ਅੱਡੇ ਸਮੇਤ ਸਬੰਧਿਤ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।