ਮੁੰਬਈ : ਟਾਈਗਰ ਸ਼ਰਾਫ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਅਤੇ ਜਾਂਚ ਦੌਰਾਨ ਕਈ ਮਸ਼ਹੂਰ ਹਸਤੀਆਂ ਦੇ ਘਰਾਂ ਦੀ ਕਥਿਤ ਤੌਰ 'ਤੇ ਰੇਕੀ ਹੋਣ ਦੇ ਖੁਲਾਸਿਆਂ ਦੇ ਮੱਦੇਨਜ਼ਰ, ਮੁੰਬਈ ਪੁਲਸ ਨੇ ਬਾਲੀਵੁੱਡ ਅਦਾਕਾਰਾਂ ਲਈ ਨੂੰ ਇੱਕ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਮੁੰਬਈ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾਂ ਨੂੰ ਜਨਤਕ ਥਾਵਾਂ 'ਤੇ ਜਾਣ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਪ੍ਰਸ਼ੰਸਕਾਂ ਨਾਲ ਮਿਲਣ-ਜੁਲਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਉਹ ਵੱਡੇ ਇਕੱਠਾਂ ਤੋਂ ਦੂਰ ਰਹਿਣ।
ਖਬਰਾਂ ਅਨੁਸਾਰ, ਬਾਲੀਵੁੱਡ ਦੇ ਕਈ ਅਦਾਕਾਰਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲੀਆਂ ਹਨ। ਸੂਤਰਾਂ ਮੁਤਾਬਕ ਇਹ ਐਡਵਾਈਜ਼ਰੀ ਅਦਾਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਾਵਧਾਨੀ ਵਜੋਂ ਜਾਰੀ ਕੀਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ, 21 ਅਕਤੂਬਰ ਨੂੰ ਇਹ ਖਬਰ ਸਾਹਮਣੇ ਆਈ ਸੀ ਕਿ ਅਦਾਕਾਰ ਟਾਈਗਰ ਸ਼ਰਾਫ 'ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀਆਂ ਨੇ ਹਮਲੇ ਤੋਂ ਪਹਿਲਾਂ ਅਮਿਤਾਭ ਬੱਚਨ ਅਤੇ ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਦੇ ਘਰਾਂ ਦੀ ਰੇਕੀ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ ਜਿਨ੍ਹਾਂ ਦੀ ਸੁਰੱਖਿਆ ਵਿਵਸਥਾ ਮੁਕਾਬਲਤਨ ਘੱਟ ਸਖ਼ਤ ਸੀ। ਰੇਕੀ ਦੌਰਾਨ, ਵੱਖ-ਵੱਖ ਆਟੋ-ਰਿਕਸ਼ਾ ਚਾਲਕਾਂ ਨੇ ਦੋਸ਼ੀਆਂ ਨੂੰ ਅਮਿਤਾਭ ਬੱਚਨ, ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਘਰਾਂ ਤੱਕ ਪਹੁੰਚਾਇਆ ਸੀ।