ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਨਵੰਬਰ ਦੇ ਪਹਿਲੇ ਹਫ਼ਤੇ ’ਚ ਪੂਰਨ ਪਹੁੰਚ ਮਾਰਗ (ਐੱਫ. ਏ. ਆਰ.) ਤਹਿਤ ਸਰਕਾਰੀ ਜ਼ਮਾਨਤਾਂ ’ਚ ਆਪਣਾ ਨਿਵੇਸ਼ ਲੱਗਭਗ 8,000 ਕਰੋੜ ਰੁਪਏ ਵਧਾਇਆ ਹੈ। ਇਸ ਦੌਰਾਨ ਰੁਪਏ ’ਚ ਮਜ਼ਬੂਤੀ ਆਈ ਅਤੇ ਬਾਂਡਾਂ ਦੇ ਮੁਨਾਫ਼ੇ ’ਚ ਗਿਰਾਵਟ ਦਰਜ ਕੀਤੀ ਗਈ।
ਇਕ ਨਿਊਜ਼ ਏਜੰਸੀ ਵੱਲੋਂ ਕਲੀਅਰਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਸੀ. ਸੀ. ਆਈ. ਐੱਲ.) ਤੋਂ ਪ੍ਰਾਪਤ ਅੰਕੜਿਆਂ ਦੇ ਕੰਪਾਈਲ ਮੁਤਾਬਕ, ਐੱਫ. ਏ. ਆਰ. ਤਹਿਤ ਸਰਕਾਰੀ ਜ਼ਮਾਨਤਾਂ ’ਚ ਐੱਫ. ਪੀ. ਆਈ. ਦੀ ਹਿੱਸੇਦਾਰੀ 2 ਨਵੰਬਰ ਦੇ 3.57 ਲੱਖ ਕਰੋੜ ਰੁਪਏ ਤੋਂ ਵਧ ਕੇ 9 ਨਵੰਬਰ ਨੂੰ 3.65 ਲੱਖ ਕਰੋੜ ਰੁਪਏ ਹੋ ਗਈ। ਇਸ ਤਰ੍ਹਾਂ ਇਸ ’ਚ ਲੱਗਭਗ 7,968.78 ਕਰੋੜ ਰੁਪਏ ਦਾ ਵਾਧਾ ਹੋਇਆ।
ਇਸੇ ਮਿਆਦ ਦੌਰਾਨ ਭਾਰਤੀ ਰੁਪਇਆ 2 ਨਵੰਬਰ ਨੂੰ 94.90 ਪ੍ਰਤੀ ਡਾਲਰ ਤੋਂ ਮਜ਼ਬੂਤ ਹੋ ਕੇ ਸੋਮਵਾਰ ਨੂੰ 93.74 ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਉੱਥੇ ਹੀ, 10 ਸਾਲ ਦੀ ਮਿਆਦ ਵਾਲੀ ਮਿਆਰੀ ਸਰਕਾਰੀ ਜ਼ਮਾਨਤ ਦਾ ਲਾਭ 2 ਨਵੰਬਰ ਦੇ 7.31 ਫੀਸਦੀ ਤੋਂ ਘਟ ਕੇ ਸੋਮਵਾਰ ਨੂੰ 7.17 ਫੀਸਦੀ ਰਹਿ ਗਿਆ।
ਰੁਪਏ ਦੀ ਮਜ਼ਬੂਤੀ ਨੂੰ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ, ਵਿਦੇਸ਼ੀ ਪੂੰਜੀ ਦੇ ਵਧਦੇ ਪ੍ਰਵਾਹ ਅਤੇ ਪੱਛਮੀ ਏਸ਼ੀਆ ’ਚ ਤਣਾਅ ਘੱਟ ਹੋਣ ਦੀਆਂ ਉਮੀਦਾਂ ਤੋਂ ਸਮਰਥਨ ਮਿਲਿਆ।
ਅਮਰੀਕਾ ’ਚ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ 105 ਡਾਲਰ ਪ੍ਰਤੀ ਬੈਰਲ ਤੋਂ ਵੱਧ ’ਤੇ ਕਾਰੋਬਾਰ ਕਰ ਰਿਹਾ ਬ੍ਰੇਂਟ ਕੱਚਾ ਤੇਲ ਸੋਮਵਾਰ ਨੂੰ ਘਟ ਕੇ 96.41 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।