ਨਵੀਂ ਦਿੱਲੀ : ਰੇਟਿੰਗ ਏਜੰਸੀ ਮੂਡੀਜ਼ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਾਧਾ ਦਰ ਦਾ ਅੰਦਾਜ਼ਾ ਬੁੱਧਵਾਰ ਨੂੰ 6.5 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰ ਦਿੱਤਾ। ਏਜੰਸੀ ਨੇ ਕਿਹਾ ਕਿ ਵਿਆਪਕ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਅਤੇ ਊਰਜਾ ਸਪਲਾਈ ਦੇ ਝਟਕਿਆਂ ਨੂੰ ਝੱਲਣ ਦੀ ਭਾਰਤ ਦੀ ਸਮਰੱਥਾ ਨੂੰ ਦੇਖਦੇ ਹੋਏ ਵਾਧਾ ਦਰ ਦਾ ਅੰਦਾਜ਼ਾ ਵਧਾਇਆ ਗਿਆ ਹੈ।
ਮੂਡੀਜ਼ ਰੇਟਿੰਗਸ ਨੇ ਆਪਣੀ ‘ਗਲੋਬਲ ਵਿਆਪਕ ਦ੍ਰਿਸ਼ 2027-28’ ਰਿਪੋਰਟ ’ਚ ਕਿਹਾ ਕਿ ਨਜ਼ਦੀਕੀ ਮਿਆਦ ’ਚ ਆਰਥਿਕ ਵਾਧੇ ਦੇ ਸਾਹਮਣੇ ਜੋਖਮ ਬਣੇ ਹੋਏ ਹਨ। ਘਰੇਲੂ ਖਪਤ ਵਧਦੇ ਅਤੇ ਵਿਆਪਕ ਹੁੰਦੇ ਮਹਿੰਗਾਈ ਦੇ ਦਬਾਅ ਦੇ ਪ੍ਰਤੀ ਸੰਵੇਦਨਸ਼ੀਲ ਬਣੀ ਹੋਈ ਹੈ। ਪ੍ਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 2 ਤੋਂ 6 ਫੀਸਦੀ ਦੇ ਨਿਰਧਾਰਿਤ ਘੇਰੇ ਦੇ ਉੱਪਰਲੇ ਪੱਧਰ ਦੇ ਕਰੀਬ ਹੈ।
ਰੇਟਿੰਗ ਏਜੰਸੀ ਨੇ ਕਿਹਾ ਕਿ ਦੱਖਣੀ-ਪੱਛਮੀ ਮਾਨਸੂਨ ਦੀ ਕਮੀ ਅਤੇ ਅਲ ਨੀਨੋ ਦੀਆਂ ਮਜ਼ਬੂਤ ਹੁੰਦੀਆਂ ਸਥਿਤੀਆਂ ਕਾਰਨ ਖੇਤੀਬਾੜੀ ਉਤਪਾਦਨ ਅਤੇ ਗ੍ਰਾਮੀਣ ਮੰਗ ਪ੍ਰਭਾਵਿਤ ਹੋ ਸਕਦੀ ਹੈ। ਮੂਡੀਜ਼ ਨੇ ਕਿਹਾ,‘‘ਮਜ਼ਬੂਤ ਖਪਤ, ਨਿਵੇਸ਼ ਦੀ ਬਿਹਤਰ ਹੁੰਦੀ ਸਥਿਤੀ ਅਤੇ ਮਜ਼ਬੂਤ ਵਿਆਪਕ ਆਰਥਿਕ ਬੁਨਿਆਦ ਨਾਲ ਭਾਰਤੀ ਅਰਥਵਿਵਸਥਾ ਮੱਧ ਮਿਆਦ ’ਚ ਕਰੀਬ 7 ਫੀਸਦੀ ਦੀ ਵਾਧਾ ਦਰ ਬਣਾਈ ਰੱਖਣ ਦੀ ਸਥਿਤੀ ’ਚ ਦਿਸ ਰਹੀ ਹੈ।’’
ਏਜੰਸੀ ਦਾ ਪਿਛਲਾ ਅੰਦਾਜ਼ਾ 6.5 ਫੀਸਦੀ ਵਾਧੇ ਦਾ ਸੀ। ਉਸ ਨੇ ਕਿਹਾ ਕਿ ਨਿੱਜੀ ਨਿਵੇਸ਼ ’ਚ ਲਗਾਤਾਰ ਤੇਜ਼ੀ ਨਾਲ ਨਿਰਮਾਣ, ਰੋਜ਼ਗਾਰ ਅਤੇ ਉਤਪਾਦਕਤਾ ਨੂੰ ਜ਼ਿਕਰਯੋਗ ਵਾਧਾ ਮਿਲ ਸਕਦਾ ਹੈ, ਜਿਸ ਨਾਲ ਆਰਥਿਕ ਵਾਧਾ ਉਸ ਦੀ ਬੇਸਲਾਈਨ ਅੰਦਾਜ਼ਾ ਦਰ ਤੋਂ ਵੀ ਵੱਧ ਹੋ ਸਕਦਾ ਹੈ।
ਹਾਲਾਂਕਿ ਏਜੰਸੀ ਨੇ ਆਗਾਹ ਕੀਤਾ ਕਿ ਆਰ. ਬੀ. ਆਈ. ਵੱਲੋਂ ਵਿਆਜ ਦਰਾਂ ਹੋਰ ਵਧਾਏ ਜਾਣ ਦੀ ਸੰਭਾਵਨਾ ਵਿਚਾਲੇ ਸਖਤ ਕਰੰਸੀ ਨੀਤੀ ਨਿਜੀ ਨਿਵੇਸ਼ ’ਚ ਸੁਧਾਰ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੀ ਹੈ। ਮੂਡੀਜ਼ ਨੇ ਕਿਹਾ ਕਿ ਭਾਰਤ ਨੇ ਊਰਜਾ ਕੀਮਤਾਂ ਦੇ ਝਟਕੇ ਦਾ ਸਾਹਮਣਾ ਪਿਛਲੇ ਅੰਦਾਜ਼ੇ ਤੋਂ ਕਿਤੇ ਬਿਹਤਰ ਢੰਗ ਨਾਲ ਕੀਤਾ ਹੈ।
ਕੱਚੇ ਤੇਲ ਅਤੇ ਗੈਸ ਦੀ ਸਪਲਾਈ ਦੇ ਸਰੋਤਾਂ ’ਚ ਵਿਭਿੰਨਤਾ ਲਿਆਉਣ ਦੀ ਸਮਰੱਥਾ ਨਾਲ ਸਰਕਾਰੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਅਤੇ ਟੈਕਸ ਕਟੌਤੀ ਜ਼ਰੀਏ ਖਪਤਕਾਰਾਂ ਨੂੰ ਤੁਰੰਤ ਮੁੱਲ ਵਾਧੇ ਤੋਂ ਬਚਾਉਣ ’ਚ ਮਦਦ ਮਿਲੀ ਹੈ। ਏਜੰਸੀ ਨੇ ਕਿਹਾ ਕਿ ਭਾਰਤ ’ਚ ਦੁਨੀਆ ਦਾ ਸਭ ਤੋਂ ਵੱਡਾ ਏਕੀਕ੍ਰਿਤ ਤੇਲ ਸੋਧ ਕੰਪਲੈਕਸ ਸਥਿਤ ਹੈ।
ਦੇਸ਼ ਦੀ ਵੱਡੀ ਅਤੇ ਆਧੁਨਿਕ ਤੇਲ ਸੋਧ ਸਮਰੱਥਾ ਨੇ ਈਂਧਨ ਸਪਲਾਈ ’ਚ ਰੁਕਾਵਟਾਂ ਨੂੰ ਸੀਮਿਤ ਰੱਖਣ ਦੇ ਨਾਲ ਉਸ ਨੂੰ ਰਿਫਾਈਂਡ ਪੈਟਰੋਲੀਅਮ ਉਤਪਾਦਾਂ ਦਾ ਪ੍ਰਮੁੱਖ ਬਰਾਮਦਕਾਰ ਬਣਾਈ ਰੱਖਣ ’ਚ ਮਦਦ ਕੀਤੀ ਹੈ।
ਅਮਰੀਕਾ ਸਥਿਤ ਰੇਟਿੰਗ ਏਜੰਸੀ ਨੇ ਕਿਹਾ ਕਿ ਪੂੰਜੀਗਤ ਵਸਤਾਂ ਦੇ ਮਜ਼ਬੂਤ ਉਤਪਾਦਨ ਅਤੇ ਦਰਾਮਦ, ਉਦਯੋਗਿਕ ਕਰਜ਼ਾ ਵਾਧੇ ’ਚ ਤੇਜ਼ੀ ਅਤੇ ਸਮਰੱਥਾ ਵਰਤੋਂ ’ਚ ਵਾਧੇ ਵਰਗੇ ਹਾਈ ਫ੍ਰੀਕਿਊਐਂਸੀ ਵਾਲੇ ਸੰਕੇਤਕ ਦੱਸਦੇ ਹਨ ਕਿ ਕਈ ਸਾਲਾਂ ਤੱਕ ਕੰਪਨੀਆਂ ਅਤੇ ਬੈਂਕਿੰਗ ਖੇਤਰ ਦੇ ਬਹੀ-ਖਾਤੇ ਸੁਧਾਰਨ ਤੋਂ ਬਾਅਦ ਭਾਰਤ ਨਿੱਜੀ ਪੂੰਜੀਗਤ ਖਰਚੇ ਦੇ ਨਵੇਂ ਦੌਰ ਦੀ ਸ਼ੁਰੂਆਤ ਦੇ ਕਰੀਬ ਹੋ ਸਕਦਾ ਹੈ।
ਉਸ ਨੇ ਕਿਹਾ ਕਿ ਨਿਰਮਾਣ ਅਤੇ ਸੇਵਾ ਖੇਤਰ ਦੇ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ’ਚ ਵਿਸਥਾਰ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਰੈਵੇਨਿਊ, ਵਾਹਨ ਵਿਕਰੀ ਅਤੇ ਵਸਤਾਂ ਦੀ ਬਰਾਮਦ ’ਚ ਸਾਲਾਨਾ ਆਧਾਰ ’ਤੇ ਦਹਾਈ ਅੰਕ ਵਾਲੇ ਵਾਧੇ ਵਿਚਾਲੇ ਵਿਆਪਕ ਆਰਥਿਕ ਗਤੀਵਿਧੀਆਂ ਵੀ ਮਜ਼ਬੂਤ ਬਣੀਆਂ ਹੋਈਆਂ ਹਨ।