ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਵਿਖੇ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਪੁੱਜੇ ਖੂਨਦਾਨੀਆਂ ਤੇ ਸਮਾਜ ਸੇਵਕਾਂ ਵਿਚਕਾਰ ਪੁੱਜੇ ਸ੍ਰੀ ਰਮਨਜੀਤ ਪੀ.ਸੀ.ਐਸ ਸਹਾਇਕ ਕਮਿਸ਼ਨਰ ਜਨਰਲ ਨੇ ਖੁਦ ਖੂਨਦਾਨ ਕੀਤਾ। ਉਹਨਾਂ ਆਖਿਆ ਕਿ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦੇ ਜਨਮ ਦਿਨ ਤੇ ਖੂਨਦਾਨ ਕਰਕੇ ਉਹਨਾਂ ਨੂੰ ਸਕੂਨ ਤੇ ਊਰਜ਼ਾ ਪ੍ਰਾਪਤ ਹੋਈ ਹੈ। ਉਹਨਾਂ ਆਖਿਆ ਕਿ ਰੋਜ਼ਾਨਾ ਦੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਇਹ ਨੇਕ ਕਾਰਜ ਕੀਤਾ ਜਾ ਸਕਦਾ ਹੈ। ਖੂਨਦਾਨ ਕਰਨ ਨਾਲ੍ਹ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਕਈ ਜ਼ਰੂਰੀ ਟੈਸਟ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਜਿਲ੍ਹੇ ਵਿੱਚ ਆਪਣੀ ਡਿਊਟੀ ਸੰਭਾਲਣ ਵਾਲੇ ਦਿਨ ਵੀ ਉਹਨਾਂ ਖੂਨਦਾਨ ਕੀਤਾ ਸੀ। ਇਸ ਮੌਕੇ ਅਮਰਜੀਤ ਸਿੰਘ ਮਹਿਮੂਦਪੁਰ, ਸਾਹਿਲ ਰੁੜਕੀ ਖਾਸ ਤੇ ਬਲਜੀਤ ਸਿੰਘ ਦਿਆਲਪੁਰ ਵੀ ਖੂਨਦਾਨ ਕੀਤਾ । ਡਾ: ਅਜੇ ਬੱਗਾ ਦੀ ਅਗਵਾਈ ਵਿੱਚ ਤਕਨੀਕੀ ਸਟਾਫ ਨੇ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਸ੍ਰੀ ਰਮਨਜੀਤ ਪੀ ਸੀ ਐਸ, ਐਸ ਕੇ ਸਰੀਨ, ਜੀ ਐਸ ਤੂਰ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ ਤੇ ਮੈਨੇਜਰ ਮਨਮੀਤ ਸਿੰਘ ਤੇ ਸਟਾਫ ਨੇ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦੀ ਤਸਵੀਰ ਸਾਹਮਣੇ ਸ਼ਮ੍ਹਾਂ ਰੌਸ਼ਨ ਕੀਤੀ ਤੇ ਫੁੱਲਾਂ ਦੀਆਂ ਪੰਖੜੀਆਂ ਅਰਪਿਤ ਕਰਦਿਆਂ ਸ਼ਹੀਦ-ਏ-ਆਜਮ- ਅਮਰ ਰਹੇ ਦੇ ਨਾਹਰੇ ਬੁਲੰਦ ਕੀਤੇ। ਸ਼ਹੀਦ-ਏ-ਆਜਮ ਦੇ ਜਨਮ ਦਿਹਾੜੇ ਤੇ ਸਨਮਾਨ ਚਿੰਨ੍ਹ ਵਜੋਂ ਵੀ ਲੱਡੂਆਂ ਦੀ ਮਠਿਆਈ ਵਰਤਾਈ ਗਈ।