ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ਵ ਰੇਬੀਜ਼ ਦਿਵਸ ਦੇ ਸੰਦਰਭ ਵਿੱਚ ਰੇਬੀਜ਼ (ਹਲਕਾਅ) ਦੀ ਬਿਮਾਰੀ ਤੋਂ ਬਚਾਅ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਰੇਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਵਾਇਰਲ ਬਿਮਾਰੀ ਹੈ, ਜੋ ਮੁੱਖ ਤੌਰ ’ਤੇ ਸੰਕ੍ਰਮਿਤ ਜਾਨਵਰ ਦੀ ਲਾਰ ਰਾਹੀਂ ਮਨੁੱਖ ਵਿੱਚ ਫੈਲਦੀ ਹੈ। ਕੁੱਤੇ ਰੇਬੀਜ਼ ਦੇ ਮਨੁੱਖੀ ਮਾਮਲਿਆਂ ਦਾ ਮੁੱਖ ਸਰੋਤ ਹਨ, ਪਰ ਬਿੱਲੀ, ਬਾਂਦਰ ਜਾਂ ਹੋਰ ਸੰਕ੍ਰਮਿਤ ਜਾਨਵਰ ਦੇ ਕੱਟਣ ਜਾਂ ਖਰੋਚਣ ਨਾਲ ਵੀ ਰੇਬੀਜ਼ ਦਾ ਖ਼ਤਰਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਰੇਬੀਜ਼ ਦੇ ਲੱਛਣ ਪ੍ਰਗਟ ਹੋਣ ਤੋਂ ਬਾਅਦ ਇਹ ਬਿਮਾਰੀ ਲਗਭਗ ਹਮੇਸ਼ਾ ਜਾਨਲੇਵਾ ਹੁੰਦੀ ਹੈ, ਪਰ ਜਾਨਵਰ ਦੇ ਸੰਪਰਕ ਤੋਂ ਤੁਰੰਤ ਬਾਅਦ ਸਹੀ ਇਲਾਜ ਅਤੇ ਟੀਕਾਕਰਨ ਨਾਲ ਇਸ ਤੋਂ ਬਚਾਅ ਸੰਭਵ ਹੈ। ਇਸ ਲਈ ਕੁੱਤੇ ਸਮੇਤ ਹੋਰ ਜਾਨਵਰਾਂ ਦੇ ਵੱਢਣ, ਕੱਟਣ ਜਾਂ ਖਰੋਚਣ ਦੀ ਘਟਨਾ ਨੂੰ ਕਿਸੇ ਵੀ ਹਾਲਤ ਵਿੱਚ ਅਣਗੌਲਿਆ ਨਾ ਕੀਤਾ ਜਾਵੇ।
ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਜਾਨਵਰ ਦੇ ਕੱਟਣ ਜਾਂ ਖਰੋਚਣ ਤੋਂ ਬਾਅਦ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵੱਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬਿਨਾਂ ਦੇਰੀ ਕੀਤੇ ਨੇੜਲੀ ਸਿਹਤ ਸੰਸਥਾ ਵਿੱਚ ਪਹੁੰਚ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਵੈਕਸੀਨ ਅਤੇ ਲੋੜ ਅਨੁਸਾਰ ਹੋਰ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ-ਡਿਵੀਜ਼ਨ ਹਸਪਤਾਲ ਬਲਾਚੌਰ, ਸੀ.ਐੱਚ.ਸੀ. ਬੰਗਾ, ਸੀ.ਐੱਚ.ਸੀ. ਸੜੋਆ ਅਤੇ ਸੀ.ਐੱਚ.ਸੀ. ਮੁਕੰਦਪੁਰ ਸਮੇਤ ਸਰਕਾਰੀ ਸਿਹਤ ਸੰਸਥਾਵਾਂ ਅਤੇ ਆਮ ਆਦਮੀ ਕਲੀਨਿਕਾਂ ਵਿਖੇ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਦੀ ਸਹੂਲਤ ਉਪਲੱਬਧ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਪਾਲਤੂ ਕੁੱਤੇ ਰੱਖਣ ਵਾਲੇ ਵਿਅਕਤੀ ਆਪਣੇ ਪਾਲਤੂ ਜਾਨਵਰਾਂ ਦਾ ਸਮੇਂ ਸਿਰ ਰੇਬੀਜ਼ ਵਿਰੁੱਧ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦਾ ਟੀਕਾਕਰਨ ਅਤੇ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਰੇਬੀਜ਼ ਤੋਂ ਬਚਾਅ ਦੀ ਕੁੰਜੀ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ, ਮੈਡੀਕਲ ਅਫ਼ਸਰ ਡਾ. ਰਮਨ ਕੁਮਾਰ, ਸਿਵਲ ਸਰਜਨ ਦੇ ਪੀ.ਏ. ਅਜੇ ਕੁਮਾਰ, ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।