ਪੂਰੇ ਦੇਸ਼ ਵਿਚ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹ ਦਾ ਕਹਿਰ ਜਾਰੀ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਅਲਰਟ ਜਾਰੀ ਕੀਤਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿਚ ਇਸ ਸਮੇਂ ਸਭ ਤੋਂ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਉੱਤਰਾਖੰਡ ਵਿੱਚ ਕੇਦਾਰਨਾਥ ਮਾਰਗ 'ਤੇ ਮੀਂਹ ਕਾਰਨ ਵੱਖ-ਵੱਖ ਘਟਨਾਵਾਂ ਵਾਪਰ ਗਈਆਂ ਹਨ, ਜਿਸ ਕਾਰਨ ਉਕਤ ਸਥਾਨ 'ਤੇ ਸ਼ਰਧਾਲੂਆਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ। ਮੌਸਮ ਵਿਭਾਗ ਨੇ ਅੱਜ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ 11 ਰਾਜਾਂ ਵਿੱਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਰਾਜਸਥਾਨ ਵਿੱਚ ਪਿਛਲੇ 4 ਦਿਨਾਂ ਤੋਂ ਮੀਂਹ ਲਗਾਤਾਰ ਪੈ ਰਿਹਾ ਹੈ।
ਭਾਰੀ ਮੀਂਹ ਕਾਰਨ ਅਜਮੇਰ ਦਰਗਾਹ ਦੀ ਛੱਤ ਡਿੱਗੀ
ਬੁੱਧਵਾਰ ਸ਼ਾਮ ਨੂੰ ਭਾਰੀ ਬਾਰਿਸ਼ ਕਾਰਨ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਅਜਮੇਰ ਦਰਗਾਹ ਦੀ ਛੱਤ ਦਾ ਇੱਕ ਹਿੱਸਾ ਡਿੱਗ ਗਿਆ। ਹਾਲਾਂਕਿ ਇਸ ਸਮੇਂ ਦਰਗਾਹ ਵਿੱਚ ਕੋਈ ਸ਼ਰਧਾਲੂ ਨਹੀਂ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਗੁੱਸਾ ਹੈ ਅਤੇ ਸੂਫੀ ਸੰਤ ਦੀ ਸਦੀਆਂ ਪੁਰਾਣੀ ਦਰਗਾਹ ਦੀ ਦੇਖਭਾਲ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਦੱਸ ਦੇਈਏ ਕਿ ਭਾਰੀ ਮੀਂਹ ਤੋਂ ਬਾਅਦ ਅਜਮੇਰ ਸ਼ਰੀਫ ਦਰਗਾਹ ਕੰਪਲੈਕਸ ਵਿਚ 2 ਫੁੱਟ ਪਾਣੀ ਭਰ ਗਿਆ।

ਬੱਦਲ ਫਟਣ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 11
ਹਿਮਾਚਲ ਪ੍ਰਦੇਸ਼ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮਾਨਸੂਨ 19 ਜੂਨ ਨੂੰ ਹਿਮਾਚਲ ਵਿੱਚ ਦਾਖਲ ਹੋਇਆ ਸੀ ਅਤੇ ਉਦੋਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਹੜ੍ਹ ਆਏ ਹੋਏ ਹਨ। ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। 34 ਲੋਕ ਅਜੇ ਵੀ ਲਾਪਤਾ ਹਨ। ਬੁੱਧਵਾਰ ਨੂੰ 6 ਹੋਰ ਲਾਸ਼ਾਂ ਮਿਲੀਆਂ। ਖਰਾਬ ਮੌਸਮ ਕਾਰਨ ਰਾਹਤ ਕਾਰਜ ਮੁਸ਼ਕਲ ਹੋ ਸਕਦੇ ਹਨ, ਕਿਉਂਕਿ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੰਡੀ, ਚੰਬਾ ਅਤੇ ਹਮੀਰਪੁਰ ਜ਼ਿਲ੍ਹਿਆਂ ਤੋਂ ਹੁਣ ਤੱਕ ਕੁੱਲ 333 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਮੰਡੀ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਨੰਬਰ 11 ਅਤੇ 13 ਦੇ ਨੇੜੇ ਜ਼ਮੀਨ ਖਿਸਕਣ ਕਾਰਨ ਫਸੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਅਸਥਾਈ ਤੌਰ 'ਤੇ ਰੋਕੀ ਗਈ ਕੇਦਾਰਨਾਥ ਯਾਤਰਾ
ਉੱਤਰਾਖੰਡ ਦੇ ਸੋਨਪ੍ਰਯਾਗ ਨੇੜੇ ਮੁਨਕਟੀਆ 'ਚ ਮੀਂਹ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਵੀਰਵਾਰ ਨੂੰ ਕੇਦਾਰਨਾਥ ਯਾਤਰਾ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਮੁਨਕਟੀਆ 'ਚ ਸੜਕ ਮਲਬੇ ਅਤੇ ਪੱਥਰਾਂ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੌਰੀਕੁੰਡ ਤੋਂ ਵਾਪਸ ਆ ਰਹੇ ਕੁਝ ਸ਼ਰਧਾਲੂ ਇਲਾਕੇ ਵਿੱਚ ਫਸ ਗਏ ਸਨ ਪਰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਸੋਨਪ੍ਰਯਾਗ ਪਹੁੰਚਾਇਆ। ਸਾਵਧਾਨੀ ਵਜੋਂ ਕੇਦਾਰਨਾਥ ਯਾਤਰਾ ਨੂੰ ਫਿਲਹਾਲ ਲਈ ਰੋਕ ਦਿੱਤਾ ਗਿਆ ਹੈ।

ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਨਾਲ ਆਮ ਜਨਜੀਵਨ ਪ੍ਰਭਾਵਿਤ
ਉਤਰਾਖੰਡ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚਾਰ ਧਾਮ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਭਾਰੀ ਬਾਰਿਸ਼ ਕਾਰਨ ਬੁੱਧਵਾਰ (2 ਜੁਲਾਈ) ਰਾਤ ਨੂੰ ਕੇਦਾਰਨਾਥ ਮਾਰਗ 'ਤੇ ਸੋਨਪ੍ਰਯਾਗ ਦੇ ਨੇੜੇ ਜ਼ਮੀਨ ਖਿਸਕ ਗਈ ਅਤੇ ਰਸਤਾ ਬੰਦ ਹੋ ਗਿਆ। ਪਹਾੜ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਸੜਕ 'ਤੇ ਡਿੱਗ ਗਿਆ। ਦਰਸ਼ਨਾਂ ਤੋਂ ਬਾਅਦ ਕੇਦਾਰਨਾਥ ਧਾਮ ਤੋਂ ਵਾਪਸ ਆ ਰਹੇ 40 ਤੋਂ ਵੱਧ ਸ਼ਰਧਾਲੂ ਫਸ ਗਏ। SDRF ਟੀਮ ਪਹੁੰਚੀ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਅਤੇ ਹੜ੍ਹ ਕਾਰਨ ਕਈ ਲੋਕ ਬੇਘਰ ਹੋ ਗਏ ਹਨ। ਅਸਮਾਨ ਤੋਂ ਆਈ ਆਫ਼ਤ ਨੇ ਹੁਣ ਤੱਕ 11 ਲੋਕਾਂ ਦੀ ਜਾਨ ਲੈ ਲਈ ਹੈ।
ਕੁੱਲੂ-ਮਨਾਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ, ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਜ਼ਮੀਨ ਖਿਸਕਣ ਕਾਰਨ ਕੁੱਲੂ-ਮਨਾਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਬੀਤੀ ਰਾਤ ਤੋਂ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਪੰਡੋਹ ਤੋਂ ਕੁੱਲੂ ਵੱਲ ਆਉਂਦੇ ਸਮੇਂ, ਓਟ ਨਾਮਕ ਜਗ੍ਹਾ 'ਤੇ ਉੱਪਰੋਂ ਵੱਡੇ ਪੱਥਰ ਡਿੱਗ ਰਹੇ ਹਨ। ਇਨ੍ਹਾਂ ਪੱਥਰਾਂ ਨੂੰ ਮਸ਼ੀਨਾਂ, ਜੇਸੀਬੀ ਅਤੇ ਕ੍ਰੇਨਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।