ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋ ਸਭ ਤੋਂ ਭਰੋਸੇਮੰਦ ਸਾਥੀਆਂ- ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਵਿਚਾਲੇ ਗੰਭੀਰ ਮਤਭੇਦ ਸਾਹਮਣੇ ਆਏ ਹਨ। ਇੱਕ ਤਾਜ਼ਾ ਮੀਡੀਆ ਰਿਪੋਰਟ ਅਨੁਸਾਰ, ਜੇ.ਡੀ. ਵੈਂਸ ਨੇ ਪੈਂਟਾਗਨ ਵੱਲੋਂ ਦਿੱਤੀਆਂ ਜਾ ਰਹੀਆਂ ਬ੍ਰੀਫਿੰਗਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਵੈਂਸ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਪੀਟ ਹੇਗਸੇਥ ਅਤੇ ਪੈਂਟਾਗਨ ਦੇ ਉੱਚ ਅਧਿਕਾਰੀ ਇਰਾਨ ਜੰਗ ਦੀ ਅਸਲ ਤਸਵੀਰ ਰਾਸ਼ਟਰਪਤੀ ਟਰੰਪ ਤੋਂ ਲੁਕਾ ਰਹੇ ਹਨ।
ਰਿਪੋਰਟ ਅਨੁਸਾਰ, ਵੈਂਸ ਨੇ ਚਿੰਤਾ ਜਤਾਈ ਹੈ ਕਿ ਅਮਰੀਕਾ ਦੀਆਂ ਮਿਜ਼ਾਈਲਾਂ ਦਾ ਭੰਡਾਰ ਖ਼ਤਰਨਾਕ ਪੱਧਰ ਤੱਕ ਘੱਟ ਗਿਆ ਹੈ, ਜਦਕਿ ਹੇਗਸੇਥ ਦਾ ਦਾਅਵਾ ਹੈ ਕਿ ਸਭ ਕੁਝ ਉਨ੍ਹਾਂ ਦੇ ਕੰਟਰੋਲ ਵਿੱਚ ਹੈ। ਜਿੱਥੇ ਹੇਗਸੇਥ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਇਰਾਨੀ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਉੱਥੇ ਹੀ ਖ਼ੁਫ਼ੀਆ ਜਾਣਕਾਰੀ ਅਨੁਸਾਰ ਇਰਾਨ ਕੋਲ ਅਜੇ ਵੀ ਦੋ-ਤਿਹਾਈ ਏਅਰ ਡਿਫੈਂਸ ਅਤੇ ਵੱਡੀ ਗਿਣਤੀ ਵਿੱਚ ਬੈਲਿਸਟਿਕ ਮਿਜ਼ਾਈਲਾਂ ਮੌਜੂਦ ਹਨ।
ਉਪ-ਰਾਸ਼ਟਰਪਤੀ ਵੈਂਸ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਵੈਂਸ ਨੇ ਰਾਸ਼ਟਰਪਤੀ ਟਰੰਪ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਪੈਂਟਾਗਨ ਦੀਆਂ ਰਿਪੋਰਟਾਂ ਦੀ ਸੱਚਾਈ 'ਤੇ ਸ਼ੱਕ ਜ਼ਾਹਿਰ ਕੀਤਾ ਹੈ। ਉਹ ਨਹੀਂ ਚਾਹੁੰਦੇ ਕਿ ਅਮਰੀਕਾ ਕਿਸੇ ਅਜਿਹੀ ਲੰਬੀ ਜੰਗ 'ਚ ਫਸੇ ਜਿਸ ਲਈ ਉਸ ਕੋਲ ਲੋੜੀਂਦੇ ਹਥਿਆਰ ਨਾ ਹੋਣ, ਖਾਸ ਕਰਕੇ ਜਦੋਂ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਵੀ ਖ਼ਤਰਾ ਬਣਿਆ ਹੋਇਆ ਹੈ।
ਦੂਜੇ ਪਾਸੇ, ਰੱਖਿਆ ਮੰਤਰੀ ਹੇਗਸੇਥ ਨੇ ਹਮੇਸ਼ਾ ਇੱਕ ਹਮਲਾਵਰ ਰੁਖ਼ ਅਪਣਾਇਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇਰਾਨੀ ਜਹਾਜ਼ਾਂ ਨੂੰ ਮਾਰ ਸੁੱਟਣ ਦੀ ਕਾਰਵਾਈ ਨੂੰ ਬਹੁਤ ਵੱਡੀ ਜਿੱਤ ਦੱਸਿਆ ਸੀ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੇ ਮੈਕਸੀਮਮ ਪ੍ਰੈਸ਼ਰ ਦੇ ਵਿਜ਼ਨ ਨੂੰ ਸਹੀ ਢੰਗ ਨਾਲ ਲਾਗੂ ਕਰ ਰਹੇ ਹਨ।
ਰਾਸ਼ਟਰਪਤੀ ਟਰੰਪ ਫਿਲਹਾਲ ਹੇਗਸੇਥ ਅਤੇ ਜਨਰਲ ਕੇਨ ਦੀਆਂ ਰਿਪੋਰਟਾਂ 'ਤੇ ਭਰੋਸਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਅਮਰੀਕੀ ਫੌਜ ਨੇ ਇਰਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ, ਵੈਂਸ ਵੱਲੋਂ ਵਾਰ-ਵਾਰ ਉਠਾਏ ਜਾ ਰਹੇ ਸਵਾਲਾਂ ਨੇ ਪ੍ਰਸ਼ਾਸਨ ਦੇ ਅੰਦਰ ਇੱਕ ਚਿੰਤਾਜਨਕ ਸਥਿਤੀ ਪੈਦਾ ਕਰ ਦਿੱਤੀ ਹੈ।