ਪ੍ਰੀਤ ਪੱਤੀ
ਮਾਜਰੀ/ਨਵਾਂਗਾਓਂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)ਮੋਹਾਲੀ : ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਵੱਲੋਂ ਖਰੜ ਹਲਕੇ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਅਤੇ ਹਸਨਪੁਰ ਵਿਖੇ ਕੁੱਲ 61 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ, ਨੀਂਹ ਪੱਥਰ ਰੱਖਣ ਅਤੇ ਨਵੇਂ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਵਿਕਾਸ ਕਾਰਜਾਂ ਤਹਿਤ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸਿੱਖਿਆ, ਪਾਣੀ ਦੀ ਸਪਲਾਈ ਅਤੇ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ ਗਏ।
ਪਿੰਡ ਕਰੌਰਾ ਵਿਖੇ ਸ਼ਮਸ਼ਾਨ ਘਾਟ ਅਤੇ ਨੌਜਵਾਨਾਂ ਲਈ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਵਾਟਰ ਟੈਂਕਰ ਮੁਹੱਈਆ ਕਰਵਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਵਿਕਾਸ ਕਾਰਜਾਂ ’ਤੇ 20.75 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸੇ ਤਰ੍ਹਾਂ ਪਿੰਡ ਸਿਓਂਕ ਵਿਖੇ ਬੱਸ ਸਟੈਂਡ ’ਤੇ ਸ਼ੈੱਡ ਅਤੇ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਪਾਣੀ ਦੀ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਕਾਰਜਾਂ ’ਤੇ 12.25 ਲੱਖ ਰੁਪਏ ਦੀ ਲਾਗਤ ਆਵੇਗੀ।
ਪਿੰਡ ਬਦਰਪੁਰ ਵਿਖੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਇਲਾਵਾ ਲਾਇਬ੍ਰੇਰੀ ਬਣਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਵਿਛਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਵਿਕਾਸ ਕਾਰਜਾਂ ’ਤੇ 15 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਨਾਲ ਨੌਜਵਾਨਾਂ ਨੂੰ ਖੇਡਾਂ ਅਤੇ ਪੜ੍ਹਾਈ ਲਈ ਬਿਹਤਰ ਸਹੂਲਤਾਂ ਮਿਲਣ ਦੇ ਨਾਲ-ਨਾਲ ਸਫ਼ਾਈ ਪ੍ਰਬੰਧਾਂ ਵਿੱਚ ਵੀ ਸੁਧਾਰ ਹੋਣ ਦੀ ਉਮੀਦ ਹੈ।
ਪਿੰਡ ਹਸਨਪੁਰ ਵਿਖੇ ਟੋਭੇ ਦੀ ਪੁਟਾਈ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਪਾਈਪ ਲਾਈਨ ਵਿਛਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਵਿਕਾਸ ਕਾਰਜਾਂ ’ਤੇ 13 ਲੱਖ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਕੰਮਾਂ ਨਾਲ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਸ. ਰਘਵੀਰ ਸਿੰਘ ਮੋਦੀ, ਬੀ.ਡੀ.ਪੀ.ਓ. ਮਹਿਕਮੀਤ ਸਿੰਘ, ਪਿੰਡ ਕਰੌਰਾ ਦੀ ਸਰਪੰਚ ਸ੍ਰੀਮਤੀ ਦੇਸ਼ੋ ਦੇਵੀ, ਪਿੰਡ ਸਿਓਂਕ ਦੀ ਸਰਪੰਚ ਸ੍ਰੀਮਤੀ ਸੁਖਵਿੰਦਰ ਕੌਰ, ਪਿੰਡ ਬਦਰਪੁਰ ਦੀ ਸਰਪੰਚ ਸ੍ਰੀਮਤੀ ਕਿਰਨਦੀਪ ਕੌਰ, ਪਿੰਡ ਹਸਨਪੁਰ ਦੇ ਸਰਪੰਚ ਸ. ਅਮਰੀਕ ਸਿੰਘ, ਸੈਕਟਰੀ ਸ. ਸੁਖਵਿੰਦਰ ਸਿੰਘ, ਸ. ਯਾਦਵਿੰਦਰ ਸਿੰਘ, ਸ. ਜਗਮੋਹਨ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਅਤੇ ਪਿੰਡ ਵਾਸੀ ਹਾਜ਼ਰ ਸਨ।