ਨਵੀਂ ਦਿੱਲੀ : ਭਾਰਤ ਤੇ ਪੋਲੈਂਡ ਨੇ 2030 ਤੱਕ ਦੁਵੱਲਾ ਵਪਾਰ ਦੁੱਗਣਾ ਕਰਨ ਦੇ ਟੀਚੇ ਦੇ ਨਾਲ ਹੀ ਰੱਖਿਆ, ਆਫ਼ਤ ਪ੍ਰਬੰਧਨ ਅਤੇ ਅੱਤਵਾਦ ਨਾਲ ਨਜਿੱਠਣ ਲਈ ਵੱਡੇ ਐਲਾਨ ਕੀਤੇ ਹਨ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਯਾਤਰਾ ’ਤੇ ਆਏ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਇੱਥੇ ਦੁਵੱਲੀ ਗੱਲਬਾਤ ਹੋਈ। ਇਸ ਗੱਲਬਾਤ ਵਿਚ ਦੋਵਾਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਨੂੰ ਹੋਰ ਪੁਖ਼ਤਾ ਬਣਾਉਣ ਲਈ ਕਈ ਫੈਸਲੇ ਲਏ। ਇਸ ਦੌਰਾਨ ਵਪਾਰ, ਰੱਖਿਆ, ਆਫ਼ਤ ਪ੍ਰਬੰਧਨ ਅਤੇ ਅੱਤਵਾਦ ਨਾਲ ਮੁਕਾਬਲੇ ਨੂੰ ਲੈ ਕੇ 4 ਮੁੱਖ ਐਲਾਨ ਕੀਤੇ ਗਏ। ਇਨ੍ਹਾਂ ਐਲਾਨਾਂ ਦੇ ਤਹਿਤ, ਪੋਲੈਂਡ ਆਫ਼ਤ-ਰੋਧਕ ਬੁਨਿਆਦੀ ਢਾਂਚੇ ਲਈ ਗੱਠਜੋੜ (ਸੀ. ਡੀ. ਆਰ. ਆਈ.) ਵਿਚ ਸ਼ਾਮਲ ਹੋਵੇਗਾ। ਦੋਵਾਂ ਦੇਸ਼ਾਂ ਨੇ ਰੱਖਿਆ ਉਦਯੋਗ ਸੰਵਾਦ ਸਥਾਪਤ ਕਰਨ ਅਤੇ ਅੱਤਵਾਦ ਨਾਲ ਮੁਕਾਬਲੇ ’ਤੇ ਗੱਲਬਾਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਮਿਲ ਕੇ ਵਿਸ਼ਵ ਲਈ ਭਰੋਸੇਯੋਗ ਸਪਲਾਈ ਲੜੀ ਵਿਕਸਿਤ ਕਰਨਗੀਆਂ ਅਤੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਸਾਂਝੇ ਟੀਚੇ ਨੂੰ ਸਾਕਾਰ ਕਰਨਗੀਆਂ।
ਯੂਕ੍ਰੇਨ, ਪੱਛਮੀ ਏਸ਼ੀਆ ’ਚ ਸ਼ਾਂਤੀ ਦੀ ਹਰ ਸਾਰਥਕ ਕੋਸ਼ਿਸ਼ ਦਾ ਸਮਰਥਨ ਕਰੇਗਾ ਭਾਰਤ
ਨਰਿੰਦਰ ਮੋਦੀ ਅਤੇ ਪੋਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਡੋਨਾਲਡ ਟਸਕ ਨੇ ਵਧਦੀ ਵਿਸ਼ਵ ਪੱਧਰੀ ਅਸਥਿਰਤਾ ਵਿਚਾਲੇ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਅਤੇ ਦੁਵੱਲੇ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ’ਤੇ ਸਹਿਮਤੀ ਪ੍ਰਗਟਾਈ। ਗੱਲਬਾਤ ਤੋਂ ਬਾਅਦ, ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਲੋਕਤੰਤਰੀ ਮੁੱਲਾਂ ਅਤੇ ਕਾਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਭਾਰਤ, ਯੂਕ੍ਰੇਨ ਅਤੇ ਪੱਛਮੀ ਏਸ਼ੀਆ ਵਿਚ ਸ਼ਾਂਤੀ ਲਿਆਉਣ ਦੀ ਹਰ ਸਾਰਥਕ ਕੋਸ਼ਿਸ਼ ਦਾ ਸਮਰਥਨ ਕਰਦਾ ਰਹੇਗਾ।
ਯੂਕ੍ਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਵਿਸ਼ਵ ਪੱਧਰ ’ਤੇ ਮੁੜ ਜ਼ੋਰ ਦਿੱਤੇ ਜਾਣ ਦਰਮਿਆਨ, ਟਸਕ 3 ਰੋਜ਼ਾ ਭਾਰਤ ਯਾਤਰਾ ’ਤੇ ਹਨ। ਮੋਦੀ ਨੇ ਕਿਹਾ ਕਿ ਅੱਜ ਅਸੀਂ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਆਪਣੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ’ਤੇ ਸਹਿਮਤ ਹੋਏ ਹਾਂ। ਅਸੀਂ ਪੋਲੈਂਡ ਦੀਆਂ ਕੰਪਨੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਨ੍ਹਾਂ ਸਾਰੇ ਰਣਨੀਤਕ ਖੇਤਰਾਂ ਵਿਚ ਭਾਰਤ ਨਾਲ ਮਿਲ ਕੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਕੰਮ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਖਣਿਜਾਂ ਅਤੇ ਕੋਲਾ ਗੈਸੀਫਿਕੇਸ਼ਨ ਦੇ ਖੇਤਰ ਵਿਚ ਵੀ, ਅਸੀਂ ਪੋਲੈਂਡ ਦੀ ਮੁਹਾਰਤ ਨਾਲ ਨਵੀਆਂ ਭਾਈਵਾਲੀਆਂ ਬਣਾਵਾਂਗੇ। ਮੋਦੀ ਨੇ ਕਿਹਾ ਕਿ ਭਾਰਤ ਅਤੇ ਪੋਲੈਂਡ ਵਿਚਾਲੇ ਦੋਸਤੀ ਨਾ ਸਿਰਫ ਡਿਪਲੋਮੈਟਿਕ ਸਬੰਧਾਂ ’ਤੇ, ਸਗੋਂ ਮਾਨਵਤਾ ਅਤੇ ਹਮਦਰਦੀ ਦੀ ਸਾਂਝੀ ਵਿਰਾਸਤ ’ਤੇ ਵੀ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਦੂਜੀ ਵਿਸ਼ਵ ਜੰਗ ਦੌਰਾਨ, ਜਾਮਨਗਰ ਅਤੇ ਕੋਲਹਾਪੁਰ ਦੇ ਰਾਜਘਰਾਣਿਆਂ ਨੇ ਭਾਰਤ ਵਿਚ ਪੋਲੈਂਡ ਦੇ ਹਜ਼ਾਰਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਪਨਾਹ ਦਿੱਤੀ ਸੀ।