ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ, ਅਮਰੀਕੀ ਰਣਨੀਤਕ ਪੈਟਰੋਲੀਅਮ ਰਿਜ਼ਰਵ (SPR) ਭੰਡਾਰ 282.7 ਮਿਲੀਅਨ ਬੈਰਲ ਤੱਕ ਡਿੱਗ ਗਿਆ ਹੈ। ਇਹ ਅਕਤੂਬਰ 1982 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਪਿਛਲੇ ਹਫ਼ਤੇ ਇਹ ਭੰਡਾਰ 3,00,000 ਬੈਰਲ ਘਟਿਆ। ਇਸ ਦੌਰਾਨ, ਅਮਰੀਕਾ ਵਿੱਚ ਡੀਜ਼ਲ ਦੀਆਂ ਕੀਮਤਾਂ ਉੱਚੀਆਂ ਹਨ, ਜਿਸ ਨਾਲ ਈਂਧਣ ਸਪਲਾਈ ਬਾਰੇ ਚਿੰਤਾਵਾਂ ਵਧੀਆਂ ਹਨ।
ਮਾਰਚ ਤੋਂ ਤੇਲ ਭੰਡਾਰ ਵਿੱਚ 32% ਦੀ ਗਿਰਾਵਟ
ਅੰਕੜਿਆਂ ਅਨੁਸਾਰ, ਅਮਰੀਕੀ ਰਣਨੀਤਕ ਪੈਟਰੋਲੀਅਮ ਰਿਜ਼ਰਵ ਵਿੱਚ 20 ਮਾਰਚ ਤੋਂ 132.8 ਮਿਲੀਅਨ ਬੈਰਲ ਭਾਵ ਲਗਭਗ 32% ਦੀ ਗਿਰਾਵਟ ਆਈ ਹੈ। ਪਿਛਲੇ 30 ਹਫ਼ਤਿਆਂ ਵਿੱਚੋਂ 29 ਵਿੱਚ ਤੇਲ ਭੰਡਾਰ ਵਿੱਚ ਗਿਰਾਵਟ ਆਈ ਹੈ। 2020 ਵਿੱਚ, ਅਮਰੀਕੀ ਰਣਨੀਤਕ ਤੇਲ ਭੰਡਾਰ 653.9 ਮਿਲੀਅਨ ਬੈਰਲ ਸਨ, ਜੋ ਮੌਜੂਦਾ ਪੱਧਰ ਨਾਲੋਂ ਕਾਫ਼ੀ ਜ਼ਿਆਦਾ ਹਨ।
ਰਣਨੀਤਕ ਭੰਡਾਰਾਂ ਤੋਂ ਇਲਾਵਾ, ਅਮਰੀਕੀ ਵਪਾਰਕ ਕੱਚੇ ਤੇਲ ਦੇ ਸਟਾਕ ਵਿੱਚ ਵੀ ਗਿਰਾਵਟ ਆਈ ਹੈ। ਪਿਛਲੇ ਹਫ਼ਤੇ, ਇਹ 3.1 ਮਿਲੀਅਨ ਬੈਰਲ ਡਿੱਗ ਗਿਆ, ਜਿਸ ਨਾਲ ਇਗ ਘੱਟ ਕੇ ਕੁੱਲ 412.5 ਮਿਲੀਅਨ ਬੈਰਲ ਰਹਿ ਗਿਆ। ਇਹ ਜੁਲਾਈ ਦੇ ਅਖੀਰ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ ਅਤੇ ਮੌਸਮੀ ਪੰਜ ਸਾਲਾਂ ਦੀ ਔਸਤ ਤੋਂ ਲਗਭਗ 3% ਘੱਟ ਹੈ।
ਅਮਰੀਕਾ ਵਿੱਚ ਡੀਜ਼ਲ $6 ਪ੍ਰਤੀ ਗੈਲਨ ਦੇ ਪਾਰ
ਅਮਰੀਕਾ ਵਿੱਚ ਡੀਜ਼ਲ ਦੀਆਂ ਕੀਮਤਾਂ ਵੀ ਦਬਾਅ ਹੇਠ ਹਨ। ਯੂਐਸ ਐਨਰਜੀ ਇਨਫਰਮੇਸ਼ਨ ਐਡਮਿਨਿਸਟ੍ਰੇਸ਼ਨ (EIA) ਅਨੁਸਾਰ, 19 ਅਕਤੂਬਰ, 2026 ਦੇ ਹਫ਼ਤੇ ਲਈ ਹਾਈਵੇਅ 'ਤੇ ਡੀਜ਼ਲ ਦੀ ਰਾਸ਼ਟਰੀ ਔਸਤ ਪ੍ਰਚੂਨ ਕੀਮਤ $6.276 ਪ੍ਰਤੀ ਗੈਲਨ ਸੀ। ਮੋਟਰਿਸਟ ਸੰਗਠਨ AAA ਅਨੁਸਾਰ, ਮੰਗਲਵਾਰ ਨੂੰ ਇਹ ਔਸਤਨ ਲਗਭਗ $6.32 ਪ੍ਰਤੀ ਗੈਲਨ ਸੀ।
ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ
ਈਰਾਨ ਯੁੱਧ ਅਤੇ ਯੂਕਰੇਨ ਵਿੱਚ ਰੂਸੀ ਰਿਫਾਇਨਰੀਆਂ 'ਤੇ ਹਮਲਿਆਂ ਨੇ ਤੇਲ ਅਤੇ ਈਂਧਣ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਰੁਕਾਵਟਾਂ ਕਾਰਨ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਯੂਐਸ ਡਿਪਾਰਟਮੈਂਟ ਆਫ਼ ਐਨਰਜੀ ਦੇ ਦੋ ਸੀਨੀਅਰ ਅਧਿਕਾਰੀਆਂ ਅਨੁਸਾਰ, ਸਰਕਾਰ ਈਂਧਣ ਉਤਪਾਦਨ ਵਧਾਉਣ ਲਈ ਘਰੇਲੂ ਅਤੇ ਵਿਦੇਸ਼ੀ ਰਿਫਾਇਨਰੀਆਂ ਨਾਲ ਕੰਮ ਕਰ ਰਹੀ ਹੈ।
ਤੇਲ ਭੰਡਾਰਾਂ ਵਿੱਚ ਲਗਾਤਾਰ ਗਿਰਾਵਟ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਵਿਚਕਾਰ, ਬਾਜ਼ਾਰ ਹੁਣ ਅਮਰੀਕਾ ਦੀ ਸਪਲਾਈ ਪ੍ਰਣਾਲੀ ਅਤੇ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ 'ਤੇ ਨਜ਼ਰ ਰੱਖ ਰਿਹਾ ਹੈ।