ਟੋਕੀਓ : ਭਾਰਤ ਅਤੇ ਜਾਪਾਨ ਵੀਰਵਾਰ ਨੂੰ ਕਈ ਮੁੱਖ ਖੇਤਰਾਂ ਵਿੱਚ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਸਹਿਮਤ ਹੋਏ, ਜਿਸ ਵਿੱਚ ਉੱਨਤ ਮਿਜ਼ਾਈਲ ਤਕਨਾਲੋਜੀ ਅਤੇ ਸਮੁੰਦਰੀ ਸੁਰੱਖਿਆ ਸ਼ਾਮਲ ਹੈ। ਦੋਵਾਂ ਦੇਸ਼ਾਂ ਨੇ ਜਲ ਸੈਨਾ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਖੇਤਰ ਵਿੱਚ ਸਾਂਝੇ ਵਿਕਾਸ ਦੀਆਂ ਸੰਭਾਵਨਾਵਾਂ ਲੱਭਣ ਅਤੇ ਜਾਪਾਨੀ ਸਵੈ-ਰੱਖਿਆ ਬਲਾਂ ਲਈ ਪਹਿਲੀ ਵਾਰ ਭਾਰਤੀ ਫਾਇਰਿੰਗ ਰੇਂਜ 'ਤੇ ਲਾਈਵ ਫਾਇਰ ਅਭਿਆਸ ਕਰਨ ਦਾ ਰਾਹ ਪੱਧਰਾ ਕੀਤਾ। ਰੱਖਿਆ ਮੰਤਰਾਲਾ ਦੇ ਇੱਕ ਬਿਆਨ ਅਨੁਸਾਰ, ਇਹ ਫੈਸਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੁਮੀ ਵਿਚਕਾਰ ਟੋਕੀਓ ਵਿੱਚ ਹੋਈ ਦੁਵੱਲੀ ਮੀਟਿੰਗ ਦੌਰਾਨ ਲਏ ਗਏ। ਦੋਵੇਂ ਧਿਰਾਂ ਸਤ੍ਹਾ ਤੋਂ ਜ਼ਹਾਜ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਅਭਿਆਸ ਸਣੇ ਵੱਖ-ਵੱਖ ਸਿਖਲਾਈ ਗਤੀਵਿਧੀਆਂ ਲਈ ਜਾਪਾਨੀ ਫੌਜਾਂ ਦੁਆਰਾ ਭਾਰਤੀ ਫਾਇਰਿੰਗ ਰੇਂਜ ਦੀ ਜਲਦ ਵਰਤੋਂ ਨੂੰ ਲੈ ਕੇ ਤਾਲਮੇਲ ਤੇਜ਼ ਕਰਨ 'ਤੇ ਵੀ ਸਹਿਮਤ ਹੋਈਆਂ।
ਦੋਵਾਂ ਮੰਤਰੀਆਂ ਨੇ ਫਾਇਰਿੰਗ ਰੇਂਜ ਦੀ ਵਰਤੋਂ ਲਈ ਇੱਕ ਇਰਾਦਾ ਪੱਤਰ (LOI) 'ਤੇ ਦਸਤਖਤ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਇਸਨੂੰ ਜਲਦੀ ਲਾਗੂ ਕਰਨ ਲਈ ਆਪਣੇ-ਆਪਣੇ ਦੇਸ਼ਾਂ ਦੇ ਰੱਖਿਆ ਅਧਿਕਾਰੀਆਂ ਵਿਚਕਾਰ ਤਾਲਮੇਲ ਨੂੰ ਤੇਜ਼ ਕਰਨ 'ਤੇ ਸਹਿਮਤੀ ਪ੍ਰਗਟਾਈ। ਰੱਖਿਆ ਉਪਕਰਣਾਂ ਅਤੇ ਤਕਨਾਲੋਜੀ ਵਿੱਚ ਸਹਿਯੋਗ ਦੇ ਸੰਬੰਧ ਵਿੱਚ, ਦੋਵਾਂ ਮੰਤਰੀਆਂ ਨੇ ਉਮੀਦ ਪ੍ਰਗਟ ਕੀਤੀ ਕਿ ਯੂਨੀਫਾਈਡ ਕੰਪਲੈਕਸ ਰੇਡੀਓ ਐਂਟੀਨਾ (ਯੂਨੀਕੋਰਨ) ਪ੍ਰੋਜੈਕਟ ਨਾਲ ਸਬੰਧਤ ਪ੍ਰਬੰਧਾਂ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਫਰਵਰੀ 2027 ਤੱਕ ਭਾਰਤ ਦੁਆਰਾ ਮਨਜ਼ੂਰੀ ਦੇ ਦਿੱਤੀ ਜਾਵੇਗੀ। ਯੂਨੀਕੋਰਨ ਪ੍ਰੋਜੈਕਟ ਵਿੱਚ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਏਕੀਕ੍ਰਿਤ ਐਂਟੀਨਾ ਮਾਸਟ ਦਾ ਸੰਯੁਕਤ ਵਿਕਾਸ ਸ਼ਾਮਲ ਹੈ। ਦੋਵੇਂ ਮੰਤਰੀ ਉੱਨਤ ਮਿਜ਼ਾਈਲ ਅਤੇ ਰੱਖਿਆ ਤਕਨਾਲੋਜੀਆਂ ਦੇ ਖੇਤਰ ਵਿੱਚ ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਅਤੇ ਜਾਪਾਨ ਦੀ ਖਰੀਦ, ਤਕਨਾਲੋਜੀ ਅਤੇ ਲੌਜਿਸਟਿਕਸ ਏਜੰਸੀ (ATLA) ਵਿਚਕਾਰ ਰੱਖਿਆ ਖੋਜ ਅਤੇ ਵਿਕਾਸ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਵੀ ਸਹਿਮਤ ਹੋਏ।
ਦੋਵਾਂ ਧਿਰਾਂ ਨੇ ਇਸ ਸਾਲ ਅਗਸਤ ਵਿੱਚ ਹਸਤਾਖਰ ਕੀਤੇ ਗਏ ਸਮਝੌਤੇ ਦੇ ਤਹਿਤ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ 'ਤੇ ਪ੍ਰਗਤੀ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੇ ਜਾਪਾਨੀ ਸਮੁੰਦਰੀ ਸਵੈ-ਰੱਖਿਆ ਬਲ ਅਤੇ ਭਾਰਤੀ ਜਲ ਸੈਨਾ ਵਿਚਕਾਰ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਨੂੰ ਹੋਰ ਸੁਖਾਲਾ ਅਤੇ ਡੂੰਘਾ ਕਰਨ 'ਤੇ ਸਹਿਮਤੀ ਜਤਾਈ। ਮੰਤਰੀਆਂ ਨੇ ਸਾਂਝੇ ਫੌਜੀ ਅਭਿਆਸਾਂ ਰਾਹੀਂ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਸਵਾਗਤ ਕੀਤਾ, ਜਿਸ ਵਿੱਚ ਇਸ ਮਹੀਨੇ ਜਾਪਾਨ ਵਿੱਚ ਆਯੋਜਿਤ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਦੀ ਸ਼ਮੂਲੀਅਤ ਵਾਲੇ ਬਹੁਪੱਖੀ ਜਲ ਸੈਨਾ ਅਭਿਆਸ 'ਮਾਲਾਬਾਰ 2026' ਅਤੇ ਭਾਰਤ-ਜਾਪਾਨ ਸਮੁੰਦਰੀ ਅਭਿਆਸ 'JAMEX26' ਸ਼ਾਮਲ ਹਨ। ਮੀਟਿੰਗ ਤੋਂ ਬਾਅਦ X 'ਤੇ ਇੱਕ ਪੋਸਟ ਵਿੱਚ, ਸਿੰਘ ਨੇ ਗੱਲਬਾਤ ਨੂੰ "ਫਲਦਾਇਕ" ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਵਧ ਰਹੇ ਰੱਖਿਆ ਸਹਿਯੋਗ, ਸਮੁੰਦਰੀ ਸੁਰੱਖਿਆ ਅਤੇ ਤਕਨਾਲੋਜੀ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ, ਅਤੇ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮ-ਅਧਾਰਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।