ਅਮਰਾਵਤੀ : ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਬੰਗਾਲ ਦੀ ਖਾੜੀ ਦੇ ਕੁਝ ਹਿਸਿਆਂ ਵਿਚ ਬਣਿਆ ਚੱਕਰਵਾਤ ‘ਅਕਵਾਨ’ ਭਿਆਨਕ ਤੂਫ਼ਾਨ ਵਿਚ ਬਦਲ ਸਕਦਾ ਹੈ। ਚੱਕਰਵਾਤ ਦੇ ਪ੍ਰਭਾਵ ਕਾਰਨ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਚੱਕਰਵਾਤ ਦਾ ਆਮ ਲੋਕਾਂ ’ਤੇ ਕੋਈ ਮਾੜਾ ਪ੍ਰਭਾਵ ਨਾ ਪਵੇ।
ਆਂਧਰਾ ਪ੍ਰਦੇਸ਼ ਵਿਚ ਹਾਲ ਹੀ ਵਿਚ ਲਗਾਤਾਰ ਆਏ ਦੋ ਚੱਕਰਵਾਤਾਂ- ‘ਅਰਨਬ’ ਅਤੇ ‘ਮੁਰਾਸੂ’ ਨੇ ਭਾਰੀ ਤਬਾਹੀ ਮਚਾਈ ਸੀ। ਇਨ੍ਹਾਂ ਕਾਰਨ ਲੱਖਾਂ ਏਕੜ ਵਿਚ ਲੱਗੀਆਂ ਫ਼ਸਲਾਂ ਬਰਬਾਦ ਹੋ ਗਈਆਂ ਅਤੇ ਸੂਬੇ ਨੂੰ ਕਰੀਬ 7,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਇੱਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਲੋਕਾਂ ਅਤੇ ਚੱਕਰਵਾਤ ਪ੍ਰਭਾਵਿਤ ਖੇਤਰਾਂ ਨੂੰ ਲਗਾਤਾਰ ਮੌਸਮ ਸਬੰਧੀ ਚਿਤਾਵਨੀਆਂ ਭੇਜਦੇ ਰਹੋ। ਸਵਰਨ ਗ੍ਰਾਮ ਅਤੇ ਸਵਰਨ ਵਾਰਡ ਦੇ ਕਰਮਚਾਰੀਆਂ ਨੂੰ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਵਿਚ ਸਿੱਧੀ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।