ਚੰਡੀਗੜ੍ਹ : ਚੰਡੀਗੜ੍ਹ ’ਚ ਪਿਆਜ਼ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਤੇਜ਼ੀ ਆ ਗਈ ਹੈ। ਸਿਰਫ ਕੁਝ ਹੀ ਦਿਨਾਂ ’ਚ ਪਿਆਜ਼ ਦੀ ਕੀਮਤ 25 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 60 ਰੁਪਏ ਤੱਕ ਪਹੁੰਚ ਗਿਆ ਹੈ। ਇਸ ਨਾਲ ਰਸੋਈ ਦਾ ਬਜਟ ਵਿਗੜਨ ਲੱਗਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਮੀਂਹ ਦੌਰਾਨ ਮਹਿੰਗਾਈ ਇਸ ਤਰ੍ਹਾਂ ਪ੍ਰੇਸ਼ਾਨ ਕਰੇਗੀ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਮੰਡੀ ’ਚ ਆਮਦ ’ਚ ਕਮੀ
ਥੋਕ ਵਪਾਰੀਆਂ ਅਨੁਸਾਰ ਮੰਡੀ ’ਚ ਪਿਆਜ਼ ਦੀ ਆਮਦ ਤੇਜ਼ੀ ਨਾਲ ਘੱਟ ਹੋਈ ਹੈ। ਆਮ ਦਿਨਾਂ ’ਚ ਪ੍ਰਤੀ ਦਿਨ 15 ਤੋਂ 20 ਟਰੱਕ ਪਿਆਜ਼ ਪਹੁੰਚਦੇ ਸਨ, ਪਰ ਹੁਣ ਇਹ ਗਿਣਤੀ ਘਟ ਕੇ ਸਿਰਫ 4 ਤੋਂ 5 ਟਰੱਕ ਰਹਿ ਗਈ ਹੈ। ਮੌਜੂਦਾ ਸਮੇਂ ’ਚ ਰਾਜਸਥਾਨ, ਨਾਸਿਕ ਅਤੇ ਇੰਦੌਰ ਤੋਂ ਸੀਮਤ ਮਾਤਰਾ ’ਚ ਪਿਆਜ਼ ਮੰਡੀ ਪਹੁੰਚ ਰਿਹਾ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਅਸਰ ਮੱਧ ਪ੍ਰਦੇਸ਼ ’ਚ ਮੀਂਹ ਕਾਰਨ ਪਿਆਜ਼ ਦੀ ਫਸਲ ਖਰਾਬ ਹੋਣ ਕਰ ਕੇ ਪਿਆ ਹੈ। ਫਸਲ ਦੀ ਪੁਟਾਈ ਤੋਂ ਬਾਅਦ ਪਏ ਮੀਂਹ ਕਾਰਨ ਵੱਡੀ ਮਾਤਰਾ ’ਚ ਪਿਆਜ਼ ਖੇਤਾਂ ’ਚ ਹੀ ਸੜ ਗਿਆ। ਇਸ ਤੋਂ ਇਲਾਵਾ ਨਾਸਿਕ ਅਤੇ ਮੱਧ ਪ੍ਰਦੇਸ਼ ’ਚ ਲਗਾਤਾਰ ਮੀਂਹ ਨਾਲ ਆਮਦ ਪ੍ਰਭਾਵਿਤ ਹੋਈ ਹੈ।
ਮੰਗ ਅਤੇ ਸਪਲਾਈ ’ਚ ਫਰਕ
ਥੋਕ ਵਪਾਰੀਆਂ ਮੁਤਾਬਕ ਪਿਛਲੇ ਇਕ ਹਫਤੇ ’ਚ ਪਿਆਜ਼ ਦੀਆਂ ਕੀਮਤਾਂ ’ਚ ਲੱਗਭਗ 50 ਫੀਸਦੀ ਤੱਕ ਵਾਧਾ ਹੋਇਆ ਹੈ। ਇਸ ਦੇ ਪਿੱਛੇ ਮੰਗ ਅਤੇ ਸਪਲਾਈ ’ਚ ਫਰਕ ਤੋਂ ਇਲਾਵਾ ਪਿਛੇਤੀ ਹਾੜ੍ਹੀ ਫਸਲ ’ਚ ਉਤਪਾਦਨ ਘੱਟ ਹੋਣਾ ਵੀ ਮੁੱਖ ਕਾਰਨ ਹੈ। ਵਪਾਰੀਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਹਟਾਉਣਾ ਵੀ ਕੀਮਤ ਵਧਣ ਦੀ ਇਕ ਵਜ੍ਹਾ ਮੰਨਿਆ ਜਾ ਰਿਹਾ ਹੈ। ਸਰਕਾਰ ਨੇ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਸੰਬਰ 2023 ’ਚ ਲਾਈ ਗਈ ਬਰਾਮਦ ਪਾਬੰਦੀ ਨੂੰ ਮਾਲੀ ਸਾਲ 2024-25 ਦੀ ਸ਼ੁਰੂਆਤ ’ਚ ਹਟਾ ਦਿੱਤਾ ਸੀ। ਆਮਦ ’ਚ ਕਮੀ ਅਤੇ ਵਧਦੀ ਮੰਗ ਕਾਰਨ ਆਉਣ ਵਾਲੇ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ’ਤੇ ਦਬਾਅ ਬਣੇ ਰਹਿਣ ਦਾ ਖਦਸ਼ਾ ਹੈ।