ਗਲੋਬਲ ਬਾਜ਼ਾਰਾਂ ਵਿੱਚ ਚੀਨੀ ਸਾਮਾਨ ਦੀ ਰਿਕਾਰਡ ਬਰਾਮਦ ਚੀਨ ਦੀ ਘਰੇਲੂ ਅਰਥਵਿਵਸਥਾ ਵਿੱਚ ਚੱਲ ਰਹੇ ਡੂੰਘੇ ਸੰਕਟ ਨੂੰ ਢਕਣ ਵਿੱਚ ਅਸਫਲ ਰਹੀ ਹੈ। ਚੀਨ ਸਰਕਾਰ ਦੁਆਰਾ ਮੈਨੂਫੈਕਚਰਿੰਗ ਸੈਕਟਰ 'ਚ ਦਿੱਤੀਆਂ ਜਾ ਰਹੀਆਂ ਭਾਰੀ ਸਬਸਿਡੀਆਂ ਦੇ ਦਮ 'ਤੇ ਬਰਾਮਦ ਤਾਂ ਵਧ ਰਹੀ ਹੈ, ਪਰ ਦੇਸ਼ ਦੇ ਅੰਦਰ ਘਰੇਲੂ ਖਪਤ ਅਤੇ ਪ੍ਰਾਪਰਟੀ ਸੈਕਟਰ ਲਗਾਤਾਰ ਹੇਠਾਂ ਵੱਲ ਜਾ ਰਹੇ ਹਨ।
ਚੀਨੀ ਨਾਗਰਿਕ ਪ੍ਰਾਪਰਟੀ ਬਾਜ਼ਾਰ ਦੇ ਡੁੱਬਣ ਅਤੇ ਰੋਜ਼ਗਾਰ ਦੀ ਅਨਿਸ਼ਚਿਤਤਾ ਕਾਰਨ ਖਰਚਾ ਕਰਨ ਤੋਂ ਬਚ ਰਹੇ ਹਨ। ਦੇਸ਼ 'ਚ ਘਰੇਲੂ ਖਪਤ ਬਹੁਤ ਘੱਟ ਹੈ, ਜਿਸ ਕਾਰਨ ਚੀਨ ਦੀਆਂ ਫੈਕਟਰੀਆਂ ਨੂੰ ਆਪਣਾ ਮਾਲ ਕੱਢਣ ਲਈ ਸਸਤੇ ਭਾਅ 'ਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਡੰਪ ਕਰਨਾ ਪੈ ਰਿਹਾ ਹੈ।
ਚੀਨ ਸਰਕਾਰ ਇਲੈਕਟ੍ਰਿਕ ਵਾਹਨਾਂ, ਬੈਟਰੀਆਂ ਅਤੇ ਸੋਲਰ ਪੈਨਲਾਂ ਦੇ ਉਤਪਾਦਨ ਵਿੱਚ ਅਰਬਾਂ ਡਾਲਰ ਦੀ ਸਬਸਿਡੀ ਦੇ ਰਹੀ ਹੈ। ਇਸ ਨਾਲ ਉਤਪਾਦਨ ਤਾਂ ਜ਼ਰੂਰ ਵਧ ਗਿਆ ਹੈ, ਪਰ ਦੇਸ਼ ਦੇ ਅੰਦਰ ਖਪਤਕਾਰ ਨਾ ਹੋਣ ਕਰਕੇ ਗਲੋਬਲ ਸਪਲਾਈ ਚੇਨ 'ਤੇ ਦਬਾਅ ਬਣ ਗਿਆ ਹੈ।
ਚੀਨ ਦੀ ਇਸ ਨੀਤੀ ਕਾਰਨ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਕਈ ਉੱਭਰਦੀਆਂ ਅਰਥਵਿਵਸਥਾਵਾਂ ਜਿਵੇਂ ਭਾਰਤ ਤੇ ਬ੍ਰਾਜ਼ੀਲ ਚੀਨੀ ਉਤਪਾਦਾਂ 'ਤੇ ਸਖ਼ਤ ਐਂਟੀ-ਡੰਪਿੰਗ ਡਿਊਟੀਆਂ ਅਤੇ ਟੈਰਿਫ ਲਗਾ ਰਹੇ ਹਨ, ਜਿਸ ਨਾਲ ਚੀਨ ਦੀ ਬਰਾਮਦ-ਅਧਾਰਿਤ ਵਿਕਾਸ ਦਰ ਜ਼ਿਆਦਾ ਦੇਰ ਤੱਕ ਚੱਲਣੀ ਮੁਸ਼ਕਲ ਹੈ।