ਇਸਲਾਮਾਬਾਦ : ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਰਾਚੀ ਵਿੱਚ ਪਾਣੀ ਦਾ ਸੰਕਟ ਇੰਨਾ ਗੰਭੀਰ ਹੋ ਗਿਆ ਹੈ ਕਿ ਈਦ ਦੀਆਂ ਖੁਸ਼ੀਆਂ ਵੀ ਫਿੱਕੀਆਂ ਪੈ ਗਈਆਂ ਹਨ। ਪਿਛਲੇ ਦੋ ਮਹੀਨਿਆਂ ਤੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਨਲਕੇ ਪੂਰੀ ਤਰ੍ਹਾਂ ਸੁੱਕੇ ਪਏ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ ਕਰਾਚੀ ਦੇ ਵਸਨੀਕਾਂ ਨੂੰ ਈਦ, ਰਮਜ਼ਾਨ ਅਤੇ ਮੁਹੱਰਮ ਵਰਗੇ ਅਹਿਮ ਦਿਨਾਂ 'ਤੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਧਾਰਮਿਕ ਰਸਮਾਂ, ਪਸ਼ੂਆਂ ਦੀ ਦੇਖਭਾਲ ਅਤੇ ਸਾਫ਼-ਸਫਾਈ ਲਈ ਮਹਿੰਗੇ ਭਾਅ ਦੇ ਪਾਣੀ ਦੇ ਟੈਂਕਰ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਸਨੀਕਾਂ ਨੇ ਕਰਾਚੀ ਵਾਟਰ ਐਂਡ ਸੀਵਰੇਜ ਕਾਰਪੋਰੇਸ਼ਨ (KWSC) ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਅਦਾਰੇ ਦੀ ਨਾਕਾਮੀ ਦੱਸਿਆ ਹੈ।
ਪਾਣੀ ਦੀ ਕਿੱਲਤ ਦਾ ਫਾਇਦਾ ਉਠਾਉਂਦੇ ਹੋਏ ਪ੍ਰਾਈਵੇਟ ਟੈਂਕਰ ਮਾਫੀਆ ਨੇ ਆਪਣੀਆਂ ਕੀਮਤਾਂ ਦੁੱਗਣੀਆਂ ਕਰ ਦਿੱਤੀਆਂ ਹਨ। ਡਾਨ ਦੀ ਰਿਪੋਰਟ ਅਨੁਸਾਰ ਗੁਲਸ਼ਨ-ਏ-ਇਕਬਾਲ, ਗੁਲਿਸਤਾਨ-ਏ-ਜੌਹਰ, ਕਲਿਫਟਨ, ਡੀਐਚਏ ਅਤੇ ਉੱਤਰੀ ਨਾਜ਼ਿਮਾਬਾਦ ਸਮੇਤ ਕਈ ਇਲਾਕਿਆਂ ਦੇ ਵਸਨੀਕਾਂ ਨੇ ਕਿਹਾ ਕਿ ਨਿੱਜੀ ਟੈਂਕਰਾਂ ਨੇ ਆਪਣੀਆਂ ਕੀਮਤਾਂ ਦੁੱਗਣੀਆਂ ਕਰ ਦਿੱਤੀਆਂ ਹਨ। ਗੁਲਸ਼ਨ-ਏ-ਇਕਬਾਲ, ਡੀ.ਐੱਚ.ਏ. ਅਤੇ ਨੌਰਥ ਨਾਜ਼ਿਮਾਬਾਦ ਵਰਗੇ ਇਲਾਕਿਆਂ ਵਿੱਚ ਲੋਕਾਂ ਨੂੰ ਇੱਕ ਟੈਂਕਰ ਲਈ 8,000 ਪਾਕਿਸਤਾਨੀ ਰੁਪਏ ਤੱਕ ਚੁਕਾਉਣੇ ਪੈ ਰਹੇ ਹਨ। ਇੰਨੀ ਵੱਡੀ ਰਕਮ ਦੇਣ ਦੇ ਬਾਵਜੂਦ ਲੋਕਾਂ ਨੂੰ ਪਾਣੀ ਲਈ 7 ਤੋਂ 10 ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਸੋਮਵਾਰ ਨੂੰ ਐੱਮ.ਕਿਊ.ਐੱਮ.-ਪਾਕਿਸਤਾਨ (MQM-P) ਦੇ ਵਿਧਾਇਕਾਂ ਨੇ ਸਿੰਧ ਅਸੈਂਬਲੀ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਨੇਤਾ ਅਲੀ ਖੁਰਸ਼ੀਦੀ ਨੇ ਕਿਹਾ ਕਿ ਕਰਾਚੀ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸ ਰਿਹਾ ਹੈ, ਜਦਕਿ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਖੁਦ ਵੀ ਦੋ ਦਿਨਾਂ ਤੋਂ ਟੈਂਕਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸਫਲ ਰਹੇ ਹਨ। ਦੂਜੇ ਪਾਸੇ, KWSC ਦੇ ਮੁੱਖ ਕਾਰਜਕਾਰੀ ਅਧਿਕਾਰੀ ਅਹਿਮਦ ਅਲੀ ਨੇ ਦਾਅਵਾ ਕੀਤਾ ਕਿ ਪਾਣੀ ਦੀ ਸਪਲਾਈ ਆਮ ਵਾਂਗ ਹੈ ਅਤੇ ਉਨ੍ਹਾਂ ਨੇ ਇਸ ਵਿਘਨ ਲਈ ਬਿਜਲੀ ਕੰਪਨੀ (K-Electric) ਅਤੇ ਵਾਰ-ਵਾਰ ਹੋਣ ਵਾਲੇ ਪਾਵਰ ਬ੍ਰੇਕਡਾਊਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿੰਧ ਦੇ ਮੰਤਰੀ ਜ਼ਿਆਉਲ ਹਸਨ ਲੰਜਾਰ ਨੇ ਕਿਹਾ ਕਿ 'K-IV' ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ ਅਤੇ ਵਿਰੋਧੀ ਧਿਰ ਨੂੰ ਕੇਂਦਰ ਸਰਕਾਰ 'ਤੇ ਇਸ ਨੂੰ ਜਲਦੀ ਪੂਰਾ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ।