ਨਵੀਂ ਦਿੱਲੀ : ਦੇਸ਼ ਦੇ ਪ੍ਰਸਿੱਧ ਕਾਰੋਬਾਰੀ ਸਮੂਹ ਟਾਟਾ ’ਚ ਲੀਡਰਸ਼ਿਪ ਅਤੇ ਮਾਲਕੀ ਕੰਟਰੋਲ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਮਰਹੂਮ ਰਤਨ ਟਾਟਾ ਦੇ ਮਤਰੇਏ ਛੋਟੇ ਭਰਾ ਅਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਜਿਮੀ ਐੱਨ. ਟਾਟਾ ਨੇ ਟਾਟਾ ਟਰੱਸਟ ਦੇ ਚੇਅਰਮੈਨ ਨੋਏਲ ਟਾਟਾ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਨੋਏਲ ਟਾਟਾ ਚੈਰੀਟੇਬਲ ਸੰਸਥਾਵਾਂ ’ਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਰਾਹੀਂ ਟਾਟਾ ਸੰਜ਼ ’ਤੇ ਪਰਿਵਾਰਕ ਕੰਟਰੋਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਮੀ ਨੇ ਇਸ ਘਟਨਾਚੱਕਰ ਨੂੰ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ’ਤੇ ਸੰਭਾਵੀ ‘ਪਿਛਲੇ ਦਰਵਾਜ਼ਿਓਂ ਕਬਜ਼ਾ’ ਕਰਨ ਦੀ ਕੋਸ਼ਿਸ਼ ਦੱਸਿਆ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ, 85 ਸਾਲਾ ਜਿਮੀ ਟਾਟਾ ਨੇ ਟਾਟਾ ਟਰੱਸਟ ਦੇ ਇਕ ਹੋਰ ਟਰੱਸਟੀ ਨਾਲ ਗੱਲਬਾਤ ਦੌਰਾਨ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਸਨ। ਬਾਅਦ ’ਚ ਇਸ ਟਰੱਸਟੀ ਨੇ ਹੋਰ ਮੈਂਬਰਾਂ ਨੂੰ ਵੀ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ। ਜਿਮੀ ਦਾ ਕਹਿਣਾ ਹੈ ਕਿ ਟਰੱਸਟ ਦੀ ਸਥਾਪਨਾ ਸਮਾਜ ਭਲਾਈ ਅਤੇ ਲੋਕ ਸੇਵਾ ਲਈ ਕੀਤੀ ਗਈ ਸੀ, ਨਾ ਕਿ ਕਿਸੇ ਖ਼ਾਸ ਪਰਿਵਾਰ ਦੇ ਕੰਟਰੋਲ ਨੂੰ ਮਜ਼ਬੂਤ ਕਰਨ ਲਈ।
ਟਰੱਸਟ ’ਚ ਪਰਿਵਾਰ ਦੇ ਮੈਂਬਰਾਂ ਦੀ ਨਿਯੁਕਤੀ ’ਤੇ ਸਵਾਲ
ਜਿਮੀ ਟਾਟਾ ਨੇ ਕਿਹਾ ਕਿ ਕਿਸੇ ਇਕ ਟਰੱਸਟ ’ਚ ਚੇਅਰਮੈਨ ਦੇ ਪਰਿਵਾਰ ਦੇ ਇਕ ਤੋਂ ਵੱਧ ਮੈਂਬਰਾਂ ਨੂੰ ਟਰੱਸਟੀ ਬਣਾਉਣਾ ਉਚਿਤ ਨਹੀਂ ਹੈ। ਇਸ ਨਾਲ ਟਾਟਾ ਸੰਜ਼ ’ਚ ਟਰੱਸਟ ਦੀ ਵੱਡੀ ਹਿੱਸੇਦਾਰੀ ’ਤੇ ਬਿਨਾਂ ਕਿਸੇ ਕੀਮਤ ਦੇ ਪ੍ਰਭਾਵਸ਼ਾਲੀ ਕੰਟਰੋਲ ਹਾਸਲ ਕਰਨ ਦਾ ਰਾਹ ਖੁੱਲ੍ਹਦਾ ਹੈ। ਉਨ੍ਹਾਂ ਮੁਤਾਬਕ, ਟਰੱਸਟ ਦੇ ਟਰੱਸਟੀ ਜਨਤਕ ਚੈਰੀਟੇਬਲ ਸੰਸਥਾਵਾਂ ਦੇ ਸਰਪ੍ਰਸਤ ਹਨ, ਨਾ ਕਿ ਪਰਿਵਾਰਕ ਜਾਇਦਾਦਾਂ ਦੇ ਮਾਲਕ।
ਉਨ੍ਹਾਂ ਨੇ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਦੋਵਾਂ ਸੰਸਥਾਵਾਂ ਦੀ ਸਥਾਪਨਾ ਉਨ੍ਹਾਂ ਦੇ ਸੰਸਥਾਪਕਾਂ ਦੀ ਵਸੀਅਤ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਲੋਕਾਂ ਦੀ ਭਲਾਈ ਲਈ ਕੀਤੀ ਗਈ ਸੀ। ਦੋਵਾਂ ਸੰਸਥਾਪਕਾਂ ਦੀ ਕੋਈ ਔਲਾਦ ਨਹੀਂ ਸੀ। ਇਨ੍ਹਾਂ ਟਰੱਸਟਾਂ ਦੇ ਐਲਾਨੇ ਗਏ ਮਕਸਦਾਂ ’ਚ ਗਰੀਬੀ ਖ਼ਤਮ ਕਰਨਾ ਅਤੇ ਭਾਰਤੀ ਸੱਭਿਆਚਾਰ ਦੀ ਸੰਭਾਲ ਕਰਨਾ ਸ਼ਾਮਲ ਹੈ।
ਟਾਟਾ ਸੰਜ਼ ਦੀ ਹਿੱਸੇਦਾਰੀ ਅਤੇ ਲਿਸਟਿੰਗ ’ਤੇ ਵਿਵਾਦ
ਟਾਟਾ ਟਰੱਸਟ ਕੋਲ 277 ਅਰਬ ਡਾਲਰ ਦੇ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ’ਚ ਲੱਗਭਗ 66 ਫੀਸਦੀ ਹਿੱਸੇਦਾਰੀ ਹੈ। ਉੱਥੇ ਹੀ, ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਕੋਲ ਸਾਂਝੇ ਤੌਰ ’ਤੇ ਟਾਟਾ ਸੰਜ਼ ਦੀ 51.54 ਫੀਸਦੀ ਹਿੱਸੇਦਾਰੀ ਹੈ।
ਵਿਵਾਦ ਦਾ ਇਕ ਪ੍ਰਮੁੱਖ ਮੁੱਦਾ ਟਾਟਾ ਸੰਜ਼ ਨੂੰ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਕਰਨ ਦਾ ਵੀ ਹੈ। ਨੋਏਲ ਟਾਟਾ ਅਤੇ ਟਰੱਸਟੀ ਡੇਰੀਅਸ ਖੰਬਾਟਾ ਲਿਸਟਿੰਗ ਦੇ ਵਿਰੋਧ ’ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਨਤਕ ਲਿਸਟਿੰਗ ਨਾਲ ਸਮੂਹ ਦੀ ਵਿਸ਼ੇਸ਼ ਕਾਰਜਪ੍ਰਣਾਲੀ ਅਤੇ ਲੰਬੇ ਸਮੇਂ ਦੇ ਚੈਰੀਟੇਬਲ ਮਕਸਦਾਂ ’ਤੇ ਅਸਰ ਪੈ ਸਕਦਾ ਹੈ। ਉੱਥੇ ਹੀ, ਜਿਮੀ ਟਾਟਾ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਟਾਟਾ ਸੰਜ਼ ਦੀ ਲਿਸਟਿੰਗ ਨਾਲ ਸਬੰਧਤ ਰੈਗੂਲੇਟਰੀ ਵਿਵਸਥਾ ਲਾਗੂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ।
ਚੰਦਰਸ਼ੇਖਰਨ ਦੇ ਕਾਰਜਕਾਲ ’ਤੇ ਵੀ ਮਤਭੇਦ
ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਨੂੰ ਲੈ ਕੇ ਵੀ ਟਰੱਸਟ ਦੇ ਅੰਦਰ ਮਤਭੇਦ ਹਨ। ਨੋਏਲ ਟਾਟਾ ਅਤੇ ਡੇਰੀਅਸ ਖੰਬਾਟਾ ਨੇ ਉਨ੍ਹਾਂ ਦੇ ਅਗਲੇ ਪੰਜ ਸਾਲ ਦੇ ਕਾਰਜਕਾਲ ਦਾ ਵਿਰੋਧ ਕੀਤਾ ਹੈ। ਇਸ ਦੇ ਉਲਟ ਉਪ-ਚੇਅਰਮੈਨ ਵੇਣੂ ਸ਼੍ਰੀਨਿਵਾਸਨ ਅਤੇ ਵਿਜੇ ਸਿੰਘ ਨੇ ਨਿਰਦੇਸ਼ਕ ਮੰਡਲ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਆਰ. ਬੀ. ਆਈ. ਸਮੇਤ ਰੈਗੂਲੇਟਰੀ ਸੰਸਥਾਵਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਜਿਮੀ ਟਾਟਾ ਨੇ ਚੰਦਰਸ਼ੇਖਰਨ ਦਾ ਸਮਰਥਨ ਕਰਦਿਆਂ ਕਿਹਾ ਕਿ ਨਿਰਦੇਸ਼ਕ ਮੰਡਲ ’ਚ 4-1 ਦੇ ਬਹੁਮਤ ਨਾਲ ਉਨ੍ਹਾਂ ਦੀ ਮੁੜ ਨਿਯੁਕਤੀ ਦਾ ਸਮਰਥਨ ਕੀਤਾ ਗਿਆ ਸੀ। ਇਸ ਦੇ ਬਾਵਜੂਦ ਨੋਏਲ ਟਾਟਾ ਨੇ ਐਸੋਸੀਏਸ਼ਨ ਦੇ ਸੋਧੇ ਹੋਏ ਆਰਟੀਕਲਾਂ ’ਚ ਦਿੱਤੇ ਗਏ ਵੀਟੋ ਅਧਿਕਾਰਾਂ ਦੀ ਵਰਤੋਂ ਕਰ ਕੇ ਇਸ ਫੈਸਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਸ ਨੂੰ ਮਨਮਰਜ਼ੀ ਵਾਲਾ ਕਦਮ ਦੱਸਿਆ।
ਪੁਰਾਣੇ ਨਿਯਮਾਂ ’ਚ ਬਦਲਾਅ ’ਤੇ ਵੀ ਉਠਾਏ ਸਵਾਲ
ਜਿਮੀ ਨੇ 2013-14 ਦੇ ਆਸ-ਪਾਸ ਟਾਟਾ ਸੰਜ਼ ਦੇ ਐਸੋਸੀਏਸ਼ਨ ਦੇ ਆਰਟੀਕਲਾਂ ’ਚ ਕੀਤੀਆਂ ਗਈਆਂ ਸੋਧਾਂ ’ਤੇ ਵੀ ਸਵਾਲ ਉਠਾਏ। ਉਨ੍ਹਾਂ ਮੁਤਾਬਕ, ਇਨ੍ਹਾਂ ਬਦਲਾਵਾਂ ਨਾਲ ਟਾਟਾ ਟਰੱਸਟ ਦੇ ਚੇਅਰਮੈਨ ਨੂੰ ਨਿਰਦੇਸ਼ਕਾਂ ਦੀ ਨਾਮਜ਼ਦਗੀ ਅਤੇ ਵੀਟੋ ਵਰਗੇ ਵਿਸ਼ੇਸ਼ ਅਧਿਕਾਰ ਮਿਲ ਗਏ, ਜਿਸ ਨਾਲ ਨਿਰਦੇਸ਼ਕ ਮੰਡਲ ਦੀ ਸਾਂਝੇ ਤੌਰ ’ਤੇ ਫੈਸਲੇ ਲੈਣ ਦੀ ਸ਼ਕਤੀ ਪ੍ਰਭਾਵਿਤ ਹੋਈ।
ਉਨ੍ਹਾਂ ਨੇ ਦਸੰਬਰ ’ਚ ਸਰ ਰਤਨ ਟਾਟਾ ਟਰੱਸਟ ’ਚ ਵੇਣੂ ਸ਼੍ਰੀਨਿਵਾਸਨ ਦਾ ਕਾਰਜਕਾਲ ਖ਼ਤਮ ਹੋਣ ਦਾ ਮੁੱਦਾ ਵੀ ਉਠਾਇਆ। ਜਿਮੀ ਦਾ ਦੋਸ਼ ਹੈ ਕਿ ਨੋਏਲ ਦੇ ਪੁੱਤਰ ਨੂੰ ਟਰੱਸਟ ’ਚ ਸ਼ਾਮਲ ਕਰਨ ਦਾ ਵਿਰੋਧ ਕਰਨ ਕਾਰਨ ਸ਼੍ਰੀਨਿਵਾਸਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵਿਜੇ ਸਿੰਘ ਨੂੰ ਪਹਿਲਾਂ ਹਟਾਏ ਜਾਣ ’ਤੇ ਵੀ ਸਵਾਲ ਉਠਾਏ।